ਕਿਸਾਨਾਂ ਦੇ ਅਲਟੀਮੇਟਮ ਤੋਂ ਬਾਅਦ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਨੇ ਲਖੀਮਪੁਰ ਵਿੱਚ ਖੰਡ ਮਿੱਲ ਦੇ ਉਦਘਾਟਨ ਸਮਾਰੋਹ ਦਾ ਪ੍ਰੋਗਰਾਮ ਰੱਦ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਟੈਨੀ ਦਾ ਵਿਰੋਧ ਕਰਨ ਦਾ ਐਲਾਨ ਕੀਤਾ ਸੀ।
ਤਿੰਨੋਂ ਖੇਤੀ ਕਾਨੂੰਨਾਂ ਨੂੰ ਵਾਪਿਸ ਲੈਣ ਤੋਂ ਬਾਅਦ ਹੁਣ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ‘ਟੈਨੀ’ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਮੰਗ ਤੇਜ਼ ਹੋ ਗਈ ਹੈ। ਖੰਡ ਮਿੱਲ ਦੇ ਪ੍ਰਸਤਾਵਿਤ ਉਦਘਾਟਨ ਦਾ ਜ਼ਿਕਰ ਕਰਦੇ ਹੋਏ ਰਾਕੇਸ਼ ਟਿਕੈਤ ਨੇ ਕਿਹਾ ਸੀ, ”ਜੇਕਰ ਟੈਨੀ (ਅਜੈ ਮਿਸ਼ਰਾ) ਖੰਡ ਮਿੱਲ ਦਾ ਉਦਘਾਟਨ ਕਰਨ ਆਉਂਦੇ ਹਨ ਤਾਂ ਉਸ ਖੰਡ ਮਿੱਲ ‘ਚ ਕੋਈ ਗੰਨਾ ਨਹੀਂ ਲਿਜਾਇਆ ਜਾਵੇਗਾ। ਸਗੋਂ ਕਿਸਾਨ ਗੰਨਾ ਲੈ ਕੇ ਜਿਲ੍ਹਾ ਮੈਜਿਸਟਰੇਟ ਦੇ ਦਫਤਰ ਜਾਣਗੇ, ਚਾਹੇ ਉਨ੍ਹਾਂ ਨੂੰ ਕਿੰਨਾ ਵੀ ਨੁਕਸਾਨ ਝੱਲਣਾ ਪਵੇ।”
ਇਸ ਤੋਂ ਪਹਿਲਾਂ ਰਾਕੇਸ਼ ਟਿਕੈਤ ਨੇ ਸੋਮਵਾਰ ਨੂੰ ਲਖੀਮਪੁਰ ਖੀਰੀ ਮਾਮਲੇ ‘ਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ‘ਟੈਨੀ’ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਸੀ। ਲਖਨਊ ਦੇ ਈਕੋ-ਗਾਰਡਨ ‘ਚ ਆਯੋਜਿਤ ਕਿਸਾਨ ਮਹਾਪੰਚਾਇਤ ਨੂੰ ਸੰਬੋਧਨ ਕਰਦੇ ਹੋਏ ਰਾਕੇਸ਼ ਟਿਕੈਤ ਨੇ ਕਿਹਾ, ”ਜੇਕਰ ਕਸ਼ਮੀਰ ਦੇ ਅੱਤਵਾਦੀਆਂ ਨੂੰ ਆਗਰਾ ਜੇਲ ‘ਚ ਬੰਦ ਕੀਤਾ ਜਾ ਸਕਦਾ ਹੈ ਤਾਂ ਕਿਸਾਨਾਂ ਦਾ ਕਾਤਲ ਵੀ ਅੱਤਵਾਦੀ ਹੈ ਅਤੇ ਉਸ ਨੂੰ ਵੀ ਆਗਰਾ ਜੇਲ ਭੇਜਿਆ ਜਾਣਾ ਚਾਹੀਦਾ ਹੈ।’ ਇਸ ਦੌਰਾਨ ਉਨ੍ਹਾਂ ਕਿਹਾ, ”ਟੈਨੀ ਦੀ ਗ੍ਰਿਫਤਾਰੀ ਸਾਡੇ ਮੁੱਖ ਮੁੱਦਿਆਂ ‘ਚੋਂ ਇੱਕ ਹੈ।” ਉਨ੍ਹਾਂ ਇਹ ਵੀ ਦੱਸਿਆ ਕਿ ਦਸੰਬਰ ਤੋਂ ਬਾਅਦ ਉਹ ਤਿੰਨ ਦਿਨ ਲਖੀਮਪੁਰ ਖੀਰੀ ‘ਚ ਰਹਿਣਗੇ, 3 ਅਕਤੂਬਰ ਨੂੰ ਲਖੀਮਪੁਰ ਖੇੜੀ ‘ਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ ਮਿਲਣਗੇ। ਅਤੇ ਉਨ੍ਹਾਂ ਕਿਸਾਨਾਂ ਨੂੰ ਵੀ ਮਿਲਣਗੇ ਜੋ ਜੇਲ੍ਹ ਵਿੱਚ ਹਨ।
ਵੀਡੀਓ ਲਈ ਕਲਿੱਕ ਕਰੋ -: