ਸ਼ਨੀਵਾਰ ਰਾਤ ਪਿੰਡ ਸਲੇਚਾਂ ‘ਚ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ 27 ਸਾਲਾ ਹਰਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਅਮਰੀਕ ਸਿੰਘ ਵਾਸੀ ਪਿੰਡ ਤਲਵੰਡੀ ਬੂਟੀਆਂ ਸ਼ਾਹਕੋਟ ਵਜੋਂ ਹੋਈ ਹੈ। ਉਹ ਮਜਦੂਰੀ ਕਰਦਾ ਸੀ। ਹਰਪ੍ਰੀਤ ਗੁਆਂਢੀ ਦੀ ਡੀਜੇ ਪਾਰਟੀ ਵਿੱਚ ਸ਼ਾਮਲ ਹੋਣ ਲਈ ਘਰੋਂ ਨਿਕਲਿਆ ਸੀ। ਪਰਿਵਾਰ ਵਾਲਿਆਂ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਰਾਤ ਸਾਢੇ 9 ਵਜੇ ਹਰਪ੍ਰੀਤ ਨੂੰ ਫ਼ੋਨ ਕੀਤਾ ਤਾਂ ਫ਼ੋਨ ਬੰਦ ਆਇਆ। ਉਨ੍ਹਾਂ ਨੇ ਸੋਚਿਆ ਕਿ ਉਹ ਪਾਰਟੀ ਵਿਚ ਹੈ ਇਸ ਲਈ ਫ਼ੋਨ ਨਹੀਂ ਚੁੱਕਿਆ।
ਐਤਵਾਰ ਸਵੇਰੇ 7:30 ਵਜੇ ਇੱਕ ਵਿਅਕਤੀ ਪਿੰਡ ਸਾਰੰਗਵਾਲ ਤੋਂ ਸਲੇਚਾਂ ਨੂੰ ਜਾਂਦੀ ਕੱਚੀ ਸੜਕ ‘ਤੇ ਪੈਦਲ ਜਾ ਰਿਹਾ ਸੀ। ਪਿੰਡ ਸਲੇਚਾਂ ਦੇ ਕਿਸਾਨ ਕੁਲਬੀਰ ਸਿੰਘ ਦੇ ਖੇਤ ਵਿੱਚੋਂ ਖੂਨ ਨਾਲ ਲੱਥਪੱਥ ਲਾਸ਼ ਮਿਲੀ। ਉਸ ਨੇ ਤੁਰੰਤ ਕੁਲਬੀਰ ਸਿੰਘ ਨੂੰ ਸੂਚਿਤ ਕੀਤਾ। ਕੁਲਬੀਰ ਨੇ ਮੌਕੇ ’ਤੇ ਪਹੁੰਚ ਕੇ ਸ਼ਾਹਕੋਟ ਪੁਲੀਸ ਨੂੰ ਸੂਚਿਤ ਕੀਤਾ। ਡੀਐਸਪੀ ਸ਼ਾਹਕੋਟ ਜਸਵਿੰਦਰ ਸਿੰਘ ਖਹਿਰਾ, ਇੰਸਪੈਕਟਰ ਸੁਰਿੰਦਰ ਕੁਮਾਰ, ਸਬ ਇੰਸਪੈਕਟਰ ਬਲਕਾਰ ਸਿੰਘ, ਏਐਸਆਈ ਕਸ਼ਮੀਰ ਸਿੰਘ, ਸੀਆਈਏ ਸਟਾਫ਼ ਇੰਚਾਰਜ ਪੁਸ਼ਪ ਬਾਲੀ ਸਮੇਤ ਡੌਗ ਸਕੁਐਡ ਅਤੇ ਫਿੰਗਰ ਪ੍ਰਿੰਟ ਐਕਸਪਰਟ ਦੀ ਟੀਮ ਮੌਕੇ ’ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਇੰਸਪੈਕਟਰ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਅਣਪਛਾਤੇ ਮੁਲਜ਼ਮਾਂ ਨੇ ਹਰਪ੍ਰੀਤ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ। ਹਰਪ੍ਰੀਤ ਦੇ ਵੱਡੇ ਭਰਾ ਗੁਰਪ੍ਰੀਤ ਦੇ ਬਿਆਨਾਂ ‘ਤੇ ਪੁਲਿਸ ਨੇ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਨਕੋਦਰ ਭੇਜ ਦਿੱਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: