ਇਟਲੀ ਤੋਂ ਅੰਮ੍ਰਿਤਸਰ ਹਵਾਈ ਅੱਡੇ ‘ਤੇ ਚਾਰਟਰਡ ਫਲਾਈਟ ਤੋਂ ਉਤਰਨ ਵਾਲੇ 13 ਕੋਰੋਨਾ ਪਾਜ਼ੀਟਿਵ ਯਾਤਰੀ ਹਸਪਤਾਲ ਤੋਂ ਫਰਾਰ ਹੋ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਇਹ ਸਾਰੇ ਲੋਕ ਸਿਹਤ ਅਧਿਕਾਰੀਆਂ ਨੂੰ ਗੁੰਮਰਾਹ ਕਰਕੇ ਚਲੇ ਗਏ। ਮਿਲਾਨ ਤੋਂ ਇਸ ਜਹਾਜ਼ ‘ਚ ਆਉਣ ਵਾਲੇ 179 ਯਾਤਰੀਆਂ ‘ਚੋਂ ਵੀਰਵਾਰ ਸਵੇਰੇ 125 ਯਾਤਰੀ ਕੋਰੋਨਾ ਪਾਜ਼ੀਟਿਵ ਪਾਏ ਗਏ। ਜਿਸ ਤੋਂ ਬਾਅਦ ਇਨ੍ਹਾਂ ਨੂੰ ਅੰਮ੍ਰਿਤਸਰ ਦੇ ਹੀ ਸ੍ਰੀ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।
ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖੇੜਾ ਨੇ ਦੱਸਿਆ ਕਿ ਅਸੀਂ ਭਗੌੜੇ ਯਾਤਰੀਆਂ ਦੇ ਪਾਸਪੋਰਟ ਰੱਦ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਾਂਗੇ। ਉਨ੍ਹਾਂ ਕਿਹਾ, ‘ਜੇਕਰ ਇਹ ਸਾਰੇ ਲੋਕ ਵਾਪਸ ਨਹੀਂ ਆਉਂਦੇ ਤਾਂ ਉਨ੍ਹਾਂ ਦੀਆਂ ਤਸਵੀਰਾਂ ਅਖਬਾਰ ‘ਚ ਛਪਵਾਈਆਂ ਜਾਣਗੀਆਂ ਅਤੇ ਨਾਲ ਹੀ ਉਨ੍ਹਾਂ ਖਿਲਾਫ ਮਹਾਮਾਰੀ ਐਕਟ ਅਤੇ ਡਿਜ਼ਾਸਟਰ ਮੈਨੇਜਮੈਂਟ ਐਕਟ ਦੇ ਤਹਿਤ ਐਫਆਈਆਰ ਦਰਜ ਕੀਤੀ ਜਾਵੇਗੀ।’ ਉਨ੍ਹਾਂ ਕਿਹਾ, ‘ਅਸੀਂ ਆਪਣੇ ਸੂਬੇ ਨੂੰ ਇਸ ਮਹਾਂਮਾਰੀ ਤੋਂ ਬਚਾਉਣ ਲਈ ਹਰ ਸੰਭਵ ਯਤਨ ਕਰ ਰਹੇ ਹਾਂ, ਅਜਿਹੇ ‘ਚ ਯਾਤਰੀਆਂ ਦੀ ਅਜਿਹੀ ਲਾਪਰਵਾਹੀ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।’
ਕੇਂਦਰੀ ਸਿਹਤ ਮੰਤਰਾਲੇ ਦੇ ਅਨੁਸਾਰ, ਸਾਰੇ ਯਾਤਰੀਆਂ ਦਾ ਪਹੁੰਚਣ ‘ਤੇ ਟੈਸਟ ਕੀਤਾ ਗਿਆ ਸੀ, ਕਿਉਂਕਿ ਇਟਲੀ ਓਮੀਕਰੋਨ ਲਈ ਉੱਚ ਜੋਖਮ ਵਾਲੇ ਦੇਸ਼ਾਂ ਵਿੱਚੋਂ ਇੱਕ ਹੈ। ਅਧਿਕਾਰੀਆਂ ਮੁਤਾਬਕ ਪੁਰਤਗਾਲੀ ਕੰਪਨੀ ਯੂਰੋ ਅਟਲਾਂਟਿਕ ਏਅਰਵੇਜ਼ ਦੁਆਰਾ ਸੰਚਾਲਿਤ ਜਹਾਜ਼ ਨੂੰ ਤਕਨੀਕੀ ਖਰਾਬੀ ਕਾਰਨ ਤਬਿਲਿਸੀ ‘ਚ ਰੁਕਣਾ ਪਿਆ।
ਵੀਡੀਓ ਲਈ ਕਲਿੱਕ ਕਰੋ -: