ਦਿੱਲੀ ਵਿੱਚ ਕੋਰੋਨਾ ਪਾਬੰਦੀਆਂ ਤੋਂ ਵੱਡੀ ਰਾਹਤ ਮਿਲੀ ਹੈ। ਦਿੱਲੀ ਆਫ਼ਤ ਪ੍ਰਬੰਧਨ ਅਥਾਰਟੀ (ਡੀਡੀਐਮਏ) ਨੇ ਅੱਜ ਆਪਣੀ ਮੀਟਿੰਗ ਵਿੱਚ ਦੁਕਾਨਾਂ ਲਈ ਵੀਕੈਂਡ ਕਰਫਿਊ ਅਤੇ ਓਡ-ਈਵਨ ਪ੍ਰਣਾਲੀ ਨੂੰ ਖਤਮ ਕਰਨ ਦਾ ਫੈਸਲਾ ਕੀਤਾ ਹੈ।
ਕੌਮੀ ਰਾਜਧਾਨੀ ਵਿੱਚ 1 ਜਨਵਰੀ ਨੂੰ ਹਫਤੇ ਦੇ ਅਖੀਰ ਵਿੱਚ ਕਰਫਿਊ ਦੀ ਐਲਾਨ ਕੀਤਾ ਗਿਆ ਸੀ ਕਿਉਂਕਿ ਕੋਰੋਨਾ ਵਾਇਰਸ ਦੇ ਨਵੇਂ ਰੂਪ ਓਮੀਕ੍ਰੋਨ ਦੇ ਪ੍ਰਕੋਪ ਵਿੱਚ ਵਾਧਾ ਹੋਇਆ ਸੀ। ਪਰ ਹੁਣ ਚਾਰ ਹਫ਼ਤਿਆਂ ਬਾਅਦ ਵੀਕਐਂਡ ਕਰਫਿਊ ਹਟਾ ਲਿਆ ਗਿਆ।
ਇਸ ਦਾ ਮਤਲਬ ਹੈ ਕਿ ਅਗਲੇ ਸ਼ਨੀਵਾਰ-ਐਤਵਾਰ ਤੋਂ ਦਿੱਲੀ ‘ਚ ਵੀਕੈਂਡ ਕਰਫਿਊ ਲਾਗੂ ਨਹੀਂ ਹੋਵੇਗਾ। ਹਾਲਾਂਕਿ ਸਕੂਲ ਖੁੱਲ੍ਹਣ ਲਈ ਅਜੇ ਉਡੀਕ ਕਰਨੀ ਪਏਗੀ। ਹੁਣ ਡੀਡੀਐਮਏ ਦੀ ਅਗਲੀ ਮੀਟਿੰਗ ਤੋਂ ਹੀ ਸਕੂਲ ਖੋਲ੍ਹਣ ਸਬੰਧੀ ਹਾਂ-ਪੱਖੀ ਫੈਸਲੇ ਦੀ ਉਮੀਦ ਕੀਤੀ ਜਾ ਸਕਦੀ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਉਪ ਰਾਜਪਾਲ ਅਨਿਲ ਬੈਜਲ ਦੀ ਪ੍ਰਧਾਨਗੀ ‘ਚ ਹੋਈ ਬੈਠਕ ‘ਚ ਇਹ ਫੈਸਲਾ ਲਿਆ ਗਿਆ। ਬੈਜਲ ਨੇ ਹਾਲਾਂਕਿ ਅਗਲੀ ਮੀਟਿੰਗ ਤੱਕ ਸਕੂਲਾਂ ਨੂੰ ਮੁੜ ਖੋਲ੍ਹਣ ਦੇ ਫੈਸਲੇ ਨੂੰ ਟਾਲ ਦਿੱਤਾ। ਉਨ੍ਹਾਂ ਦੱਸਿਆ ਕਿ ਸਰਕਾਰੀ ਦਫਤਰਾਂ ਨੂੰ ਵੀ 50 ਫੀਸਦੀ ਸਟਾਫ ਦੀ ਹਾਜ਼ਰੀ ਨਾਲ ਮੁੜ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -:
“ਕੀ ਭਗਵੰਤ ਮਾਨ AAP ਦੀ ਬੇੜੀ ਲਾ ਸਕਣਗੇ ਪਾਰ ? ਭਗਵੰਤ ਮਾਨ ‘ਤੇ ਆਪ ਨੇ ਕਿਉਂ ਖੇਡਿਆ ਦਾਅ ? ਕੀ ਹੋਵੇਗਾ ਆਮ ਆਦਮੀ ਪਾਰਟੀ ਨੂੰ ਫਾਇਦਾ ? “
ਵਿਆਹ ਸਮਾਰੋਹਾਂ ਵਿੱਚ ਜਗ੍ਹਾ ਦੇ ਹਿਸਾਬ ਨਾਲ 50 ਫੀਸਦੀ ਸਮਰੱਥਾ ਨਾਲ ਇਕੱਠ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ, ਜਿਥੇ ਵੱਧ ਤੋਂ ਵੱਧ 200 ਲੋਕ ਇਕੱਠੇ ਹੋ ਸਕੇਦ ਹਨ। ਇਸ ਤੋਂ ਇਲਾਵਾ ਸਿਹਤ ਵਿਭਾਗ ਨੂੰ ਟੀਕਾਕਰਨ ਨੂੰ ਵਧਾਉਣ ਦੀ ਸਲਾਹ ਦਿੱਤੀ ਗਈ ਹੈ। ਸਿਨੇਮਾ ਹਾਲ 50 ਫੀਸਦੀ ਸਮਰੱਥਾ ਨਾਲ ਖੁੱਲ ਸਕਣਗੇ। ਰੈਸਟੋਰੈਂਟ ਤੇ ਬਾਰ ਵੀ 50 ਫੀਸਦੀ ਸਮਰੱਥਾ ਨਾਲ ਖੁੱਲ੍ਹ ਸਕਣਗੇ।
ਬੁੱਧਵਾਰ ਨੂੰ 24 ਘੰਟਿਆਂ ਦੌਰਾਨ ਦਿੱਲੀ ਵਿੱਚ ਕੋਰੋਨਾ ਵਾਇਰਸ ਦੇ 8000 ਦੇ ਕਰੀਬ ਮਾਮਲੇ ਸਾਹਮਣੇ ਆਏ, ਜੋ ਕਦੇ 25,000 ਤੋਂ ਵੱਧ ਤੱਕ ਪਹੁੰਚ ਗਏ ਸਨ।