ਪੰਜਾਬ ਵਿੱਚ CM ਮਾਨ ਦੀ ਸਰਕਾਰ ਬਣਦਿਆਂ ਹੀ ਸਖ਼ਤ ਫੈਸਲੇ ਲਏ ਜਾ ਰਹੇ ਹਨ। ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਾਚਾਰ, ਮਾਈਨਿੰਗ ਜੇਲ੍ਹਾਂ ਵਿੱਚ VIP ਕਲਚਰ ਆਦਿ ਖਿਲਾਫ਼ ਐਕਸ਼ਨ ਲਿਆ ਜਾ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਪੁਲਿਸ ਤੇ ਪ੍ਰਸ਼ਾਸਨ ਨੂੰ ਇਸ ਸਬੰਧੀ ਸਖਤ ਹੁਕਮ ਜਾਰੀ ਕੀਤੇ ਗਏ ਹਨ। ਇਸੇ ਵਿਚਾਲੇ ਜਲਾਲਾਬਾਦ ਪੁਲਿਸ ਵੱਲੋਂ ਮਾਈਨਿੰਗ ਮਾਮਲੇ ਵਿੱਚ ਹੈਰਾਨੀਜਨਕ ਕਾਰਵਾਈ ਕੀਤੀ ਗਈ ਗਈ। ਜਿਸ ਵਿੱਚ ਜਲਾਲਾਬਾਦ ਪੁਲਿਸ ਨੇ 5 ਕਿਲੋ ਰੇਤਾ, ਟੋਕਰੀ, ਕਹੀ ਤੇ 100 ਰੁਪਏ ਸਣੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ।
ਦੱਸ ਦੇਈਏ ਕਿ ਪੁਲਿਸ ਨੂੰ ਇੱਕ ਸ਼ਿਕਾਇਤ ਮਿਲੀ ਸੀ ਕਿ ਕ੍ਰਿਸ਼ਨ ਸਿੰਘ ਨਾਮ ਦਾ ਇੱਕ ਵਿਅਕਤੀ ਪਿੰਡ ਮੋਹਰ ਸਿੰਘ ਵਾਲਾ ਵਿੱਚ ਆਪਣੇ ਖੇਤ ਵਿੱਚ ਰੇਤ ਦੀ ਖੱਡ ਚਲਾਉਂਦਾ ਹੈ। ਜਦੋਂ ਪੁਲਿਸ ਵੱਲੋਂ ਉੱਥੇ ਰੇਡ ਕੀਤੀ ਗਈ ਤਾਂ ਪੁਲਿਸ ਨੂੰ ਉੱਥੋਂ ਨਾ ਤਾਂ ਕੋਈ ਟਰੈਕਟਰ-ਟਰਾਲੀ ਤੇ ਨਾ ਹੀ ਕੋਈ ਟਿੱਪਰ ਬਰਾਮਦ ਹੋਇਆ । ਇਸ ਦੌਰਾਨ ਪੁਲਿਸ ਨੇ ਉਥੋਂ ਇੱਕ ਕਹੀ, ਇੱਕ ਰੇਤਾ ਚੁੱਕਣ ਵਾਲੀ ਟੋਕਰੀ ਅਤੇ ਪੰਜ ਕਿੱਲੋ ਰੇਤ ਨੂੰ ਆਪਣੇ ਕਬਜ਼ੇ ਵਿੱਚ ਲਿਆ l ਪੁਲਿਸ ਨੇ ਮੌਕੇ ਤੋਂ ਕ੍ਰਿਸ਼ਨ ਸਿੰਘ ਨੂੰ ਵੀ ਗ੍ਰਿਫਤਾਰ ਕੀਤਾ । ਜਿਸ ਦੀ ਤਲਾਸ਼ੀ ਲੈਣ ਤੇ ਪੁਲਿਸ ਨੂੰ ਸੌ ਰੁਪਿਆ ਵੀ ਬਰਾਮਦ ਹੋਇਆ। ਜਿਸ ਤੋਂ ਬਾਅਦ ਪੁਲਿਸ ਵੱਲੋਂ ਕ੍ਰਿਸ਼ਨ ਸਿੰਘ ਦੇ ਖਿਲਾਫ਼ ਮਾਈਨਿੰਗ ਐਕਟ ਤਹਿਤ ਪਰਚਾ ਦਰਜ ਕਰ ਲਿਆ ਗਿਆ ਹੈ l
ਇਹ ਵੀ ਪੜ੍ਹੋ: CM ਮਾਨ ਬੋਲੇ- ‘ਪਾਕਿਸਤਾਨ ‘ਚ ਹਿੰਦੂ-ਸਿੱਖ ਸੁਰੱਖਿਆ ਯਕੀਨੀ ਬਣਾਉਣ ਲਈ ਗੱਲ ਕਰਨ ਵਿਦੇਸ਼ ਮੰਤਰੀ’
ਇਸ ਸਬੰਧੀ ਕ੍ਰਿਸ਼ਨ ਸਿੰਘ ਦਾ ਕਹਿਣਾ ਹੈ ਕਿ ਉਹ ਆਪਣੇ ਖੇਤ ਵਿੱਚ ਸਿਰਫ਼ ਜ਼ਮੀਨ ਨੂੰ ਕਹੀ ਨਾਲ ਪੱਧਰੀ ਕਰ ਰਿਹਾ ਸੀ l ਉਹ ਕੋਈ ਮਾਈਨਿੰਗ ਨਹੀਂ ਕਰਦਾ ਜੇ ਮਾਈਨਿੰਗ ਕਰਦਾ ਹੁੰਦਾ ਤਾਂ ਟਰੈਕਟਰ-ਟਰਾਲੀ ਅਤੇ ਟਿੱਪਰ ਪੁਲਿਸ ਨੂੰ ਮੌਕੇ ਤੋਂ ਮਿਲ ਜਾਣੇ ਸੀ। ਪਰ ਪੁਲਿਸ ਵੱਲੋਂ ਕੀਤੀ ਗਈ ਇਹ ਕਾਰਵਾਈ ਸੋਸ਼ਲ ਮੀਡੀਆ ‘ਤੇ ਖੂਬ ਸੁਰਖੀਆਂ ਬਟੋਰ ਰਹੀ ਹੈ l
ਵੀਡੀਓ ਲਈ ਕਲਿੱਕ ਕਰੋ -: