ਪੰਜਾਬ ਦੀਆਂ ਦੋ ਰਾਜ ਸਭਾ ਸੀਟਾਂ ਲਈ ਨਾਮਜ਼ਦਗੀਆਂ ਦੀ ਪ੍ਰਕਿਰਿਆ ਮੰਗਲਵਾਰ ਯਾਨੀ ਕਿ ਅੱਜ ਤੋਂ ਸ਼ੁਰੂ ਹੋਵੇਗੀ। ਦੋ ਰਾਜ ਸਭਾ ਮੈਂਬਰਾਂ ਦੀ ਚੋਣ ਦੇ ਮੱਦੇਨਜ਼ਰ ਅੱਜ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ ਅਤੇ ਉਮੀਦਵਾਰ 31 ਮਈ 2022 ਤੱਕ ਨਾਮਜ਼ਦਗੀਆਂ ਭਰ ਸਕਦੇ ਹਨ । ਪੰਜਾਬ ਦੇ ਮੁੱਖ ਚੋਣ ਅਧਿਕਾਰੀ ਐਸ ਕਰੁਣਾ ਰਾਜੂ ਨੇ ਇਸਦੀ ਜਾਣਕਾਰੀ ਦਿੱਤੀ ਸੀ । ਪੰਜਾਬ ਰਾਜ ਤੋਂ ਚੁਣੇ ਗਏ ਰਾਜ ਸਭਾ ਮੈਂਬਰ ਅੰਬਿਕਾ ਸੋਨੀ ਅਤੇ ਬਲਵਿੰਦਰ ਸਿੰਘ ਭੂੰਦੜ ਦੇ ਅਹੁਦੇ ਦੀ ਮਿਆਦ 4 ਜੁਲਾਈ ਨੂੰ ਖ਼ਤਮ ਹੋ ਰਹੀ ਹੈ । ਚੋਣ ਕਮਿਸ਼ਨ ਵੱਲੋਂ ਇਸ ਚੋਣ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।
ਡਾ. ਐਸ. ਕਰੁਣਾ ਰਾਜੂ ਨੇ ਇੱਕ ਰਿਲੀਜ਼ ਵਿੱਚ ਕਿਹਾ ਕਿ ਪੰਜਾਬ ਵਿੱਚ ਰਾਜ ਸਭਾ ਦੀਆਂ ਦੋ ਸੀਟਾਂ ‘ਤੇ ਚੋਣਾਂ ਲਈ ਮੰਗਲਵਾਰ ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ। ਉਮੀਦਵਾਰ 31 ਮਈ ਤੱਕ ਨਾਮਜ਼ਦਗੀਆਂ ਭਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਨਾਮਜ਼ਦਗੀਆਂ ਦੀ ਪੜਤਾਲ 1 ਜੂਨ ਨੂੰ ਕੀਤੀ ਜਾਵੇਗੀ ਅਤੇ ਉਮੀਦਵਾਰੀ 3 ਜੂਨ ਤੱਕ ਵਾਪਸ ਲਈ ਜਾ ਸਕਦੀ ਹੈ। ਉਨਾਂ ਦੱਸਿਆ ਕਿ ਮਿਤੀ 10 ਜੂਨ ਨੂੰ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਵੋਟਾਂ ਪੈਣਗੀਆਂ ਅਤੇ ਵੋਟਾਂ ਦੀ ਗਿਣਤੀ ਵੀ ਇਸੇ ਦਿਨ ਸ਼ਾਮ 5 ਵਜੇ ਹੋਵੇਗੀ। ਉਨਾਂ ਕਿਹਾ ਕਿ ਚੋਣਾਂ ਪ੍ਰਕਿਰਿਆ 13 ਜੂਨ ਤੱਕ ਮੁਕੰਮਲ ਹੋਵੇਗੀ।
ਇਹ ਵੀ ਪੜ੍ਹੋ: ਸਿਮਰਨਜੀਤ ਸਿੰਘ ਮਾਨ ਨੇ ਸੰਗਰੂਰ ਤੋਂ ਲੋਕ ਸਭਾ ਜ਼ਿਮਨੀ ਚੋਣ ਲੜਨ ਦਾ ਕੀਤਾ ਐਲਾਨ
ਉਨ੍ਹਾਂ ਦੱਸਿਆ ਕਿ ਨਾਮਜ਼ਦਗੀ ਪੱਤਰ ਫਾਰਮ 2-ਸੀ ਵਿੱਚ ਦਾਖਲ ਕੀਤੇ ਜਾਣੇ ਹਨ ਅਤੇ ਇਸ ਸਬੰਧੀ ਖਾਲੀ ਫਾਰਮ ਸਕੱਤਰ ਪੰਜਾਬ ਵਿਧਾਨ ਸਭਾ ਕੋਲ ਉਪਲਬਧ ਹਨ। ਟਾਈਪ ਕੀਤੇ ਨਾਮਜ਼ਦਗੀ ਪੱਤਰ ਵੀ ਸਵੀਕਾਰ ਕੀਤੇ ਜਾਣਗੇ, ਬਸ਼ਰਤੇ ਕਿ ਫਾਰਮ ਨਿਰਧਾਰਤ ਫਾਰਮੈਟ ਵਿੱਚ ਟਾਈਪ ਕੀਤਾ ਹੋਵੇ ।ਰਾਜਾਂ ਦੀ ਕੌਂਸਲ ਦੇ ਮੈਂਬਰਾਂ ਲਈ ਯੋਗਤਾ ਪੂਰੀ ਕਰਨ ਲਈ ਉਮੀਦਵਾਰ ਦਾ ਭਾਰਤ ‘ਚ ਕਿਸੇ ਵੀ ਸੰਸਦੀ ਹਲਕੇ ਤੋਂ ਇਕ ਵੋਟਰ ਵਜੋਂ ਰਜਿਸਟਰਡ ਹੋਣਾ ਜ਼ਰੂਰੀ ਹੈ ।
ਸਬੰਧਿਤ ਰਿਟਰਨਿੰਗ ਅਫ਼ਸਰ ਦੀ ਸੰਤੁਸ਼ਟੀ ਲਈ ਉਮੀਦਵਾਰਾਂ ਨੂੰ ਲਾਗੂ ਵੋਟਰ ਸੂਚੀ ਵਿੱਚ ਅਪਣੇ ਨਾਂ ਨਾਲ ਸਬੰਧਿਤ ਐਂਟਰੀ ਦੀ ਇਕ ਪ੍ਰਮਾਣਿਤ ਕਾਪੀ ਪੇਸ਼ ਕਰਨੀ ਪਵੇਗੀ । ਉਮੀਦਵਾਰ ਨੂੰ ਸਬੰਧਿਤ ਰਿਟਰਨਿੰਗ ਅਫ਼ਸਰ ਜਾਂ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਅਧਿਕਾਰਤ ਕਿਸੇ ਹੋਰ ਵਿਅਕਤੀ ਦੇ ਸਾਹਮਣੇ ਨਿਰਧਾਰਤ ਫਾਰਮ ਵਿੱਚ ਸਹੁੰ ਜਾਂ ਪੁਸ਼ਟੀ ਕਰਨੀ ਵੀ ਲੋੜੀਂਦੀ ਹੈ। ਉਮੀਦਵਾਰ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾਣ ਤੋਂ ਬਾਅਦ ਅਤੇ ਨਾਮਜ਼ਦਗੀਆਂ ਦੀ ਪੜਤਾਲ ਲਈ ਨਿਰਧਾਰਤ ਮਿਤੀ ਤੋਂ ਪਹਿਲਾਂ ਸਹੁੰ/ਪੁਸ਼ਟੀ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: