ਬੁੱਧਵਾਰ ਨੂੰ ਲੁਧਿਆਣਾ ਦੇ ਸਲੇਮ ਟਾਬਰੀ ਥਾਣੇ ਦੇ ਏਐਸਆਈ ਜਿੰਦਰ ਕੁਮਾਰ ਨੇ ਰੇਲਵੇ ਸਟੇਸ਼ਨ ਨੇੜੇ ਲੱਕੜ ਪੁਲ ਰੇਲਵੇ ਲਾਈਨਾਂ ‘ਤੇ ਰੇਲਗੱਡੀ ਹੇਠਾਂ ਆ ਕੇ ਖੁਦਕੁਸ਼ੀ ਕੀਤੀ ਸੀ। ਮਰਨ ਵਾਲੇ ਪੁਲਿਸ ਮੁਲਾਜ਼ਮ ਦੀ ਲਾਸ਼ ਦੇ ਦੋ ਟੋਟੇ ਹੋ ਗਏ ਸਨ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਥਾਣਾ ਜੀਆਰਪੀ ਨੂੰ ਇਹ ਮਾਮਲਾ ਸ਼ੁਰੂ ਤੋਂ ਹੀ ਸ਼ੱਕੀ ਲੱਗ ਰਿਹਾ ਸੀ।
ਸੱਚਾਈ ਉਦੋਂ ਸਾਹਮਣੇ ਆਈ ਜਦੋਂ ਮ੍ਰਿਤਕ ਦੀ ਜੇਬ ‘ਚੋਂ ਸੁਸਾਈਡ ਨੋਟ ਮਿਲਿਆ। ਸੁਸਾਈਡ ਨੋਟ ਵਿੱਚ ਸੁਖਜੀਤ, ਜਗਸੀਰ ਅਤੇ ਚਰਨਜੀਤ ਕੌਰ ਦੇ ਨਾਮ ਲਿਖੇ ਹਨ। ਮਾਮਲੇ ਵਿੱਚ ਮ੍ਰਿਤਕ ਏ.ਐੱਸ.ਆਈ. ਵੱਲੋਂ ਇੱਕ ਹੋਰ ਵਿਅਕਤੀ ਦਾ ਵੀ ਜ਼ਿਕਰ ਕੀਤਾ ਗਿਆ ਹੈ ਪਰ ਉਸ ਦਾ ਨਾਂ ਨਹੀਂ ਲਿਖਿਆ ਅਤੇ ਮੌਤ ਲਈ 4 ਵਿਅਕਤੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਇਹ ਮਾਮਲਾ ਦੋ ਧਿਰਾਂ ਵਿਚਾਲੇ ਜ਼ਮੀਨੀ ਝਗੜੇ ਦੇ ਨਿਪਟਾਰੇ ਦਾ ਹੈ। ਮਰਨ ਵਾਲੇ ਏ.ਐੱਸ.ਆਈ. ਕੋਲ ਇਹ ਮਾਮਲਾ ਜਾਂਚ ਲਈ ਆਈ ਸੀ।
ਸੂਤਰਾਂ ਮੁਤਾਬਕ ਸੁਸਾਈਡ ਨੋਟ ਵਿੱਚ ਜਿੰਦਰ ਨੇ ਇਹ ਵੀ ਲਿਖਿਆ ਹੈ ਕਿ ਉਪਰੋਕਤ ਤਿੰਨ ਅਤੇ ਇੱਕ ਹੋਰ ਵਿਅਕਤੀ ਉਸ ਨੂੰ 40 ਹਜ਼ਾਰ ਰੁਪਏ ਰਿਸ਼ਵਤ ਦੇ ਝੂਠੇ ਕੇਸ ਵਿੱਚ ਫਸਾਉਣ ਦੇ ਬਦਲੇ ਇੱਕ ਤਰਫਾ ਜਾਂਚ ਕਰਨ ਲਈ ਦਬਾਅ ਬਣਾ ਰਹੇ ਹਨ। ਇਨ੍ਹਾਂ ਲੋਕਾਂ ਤੋਂ ਪਰੇਸ਼ਾਨ ਹੋ ਕੇ ਉਹ ਖੁਦਕੁਸ਼ੀ ਕਰ ਰਿਹਾ ਹੈ। ਉਹ ਦੋਵੇਂ ਧਿਰਾਂ ਦੀ ਨਿਰਪੱਖਤਾ ਨਾਲ ਜਾਂਚ ਕਰ ਰਿਹਾ ਸੀ। ਜੀਆਰਪੀ ਵੱਲੋਂ ਮ੍ਰਿਤਕ ਦੇ ਮੋਬਾਈਲ ਦੀ ਕਾਲ ਡਿਟੇਲ ਹਾਸਲ ਕੀਤੀ ਜਾ ਰਹੀ ਹੈ ਤਾਂ ਜੋ ਪਤਾ ਲੱਗ ਸਕੇ ਕਿ ਉਹ ਟਰੇਨ ਦੇ ਹੇਠਾਂ ਕਦੋਂ ਆਇਆ ਸੀ, ਉਸ ਤੋਂ ਪਹਿਲਾਂ ਕਿਹੜੇ-ਕਿਹੜੇ ਬੰਦੇ ਨਾਲ ਉਸ ਦੀ ਗੱਲ ਹੋਈ ਹੈ।
ਏ.ਐੱਸ.ਆਈ.ਜਿੰਦਰ ਦੀ ਮੌਤ ਤੋਂ ਬਾਅਦ ਸ਼ਹਿਰ ‘ਚ ਇਕ ਅਧਿਕਾਰੀ ਦਾ ਨਾਂ ਖੂਬ ਉੱਡਿਆ ਹੈ। ਸ਼ਹਿਰ ਵਿੱਚ ਚਰਚਾ ਹੈ ਕਿ ਅਧਿਕਾਰੀ ਨੇ ਜਿੰਦਰ ਨੂੰ ਕਿਸੇ ਗੱਲ ਲਈ ਝਾੜ ਪਾਈ ਸੀ। ਇਸ ਮਾਮਲੇ ਸਬੰਧੀ ਜਦੋਂ ਥਾਣਾ ਸਲੇਮ ਟਾਬਰੀ ਦੇ ਐਸਐਚਓ ਰਮਨਦੀਪ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਥਾਣੇ ਦਾ ਗੇਟ ਬੰਦ ਕਰਵਾ ਦਿੱਤਾ। ਥਾਣੇ ਦੇ ਬਾਹਰ ਖੜ੍ਹੇ ਸੰਤਰੀ ਨੇ ਕਿਹਾ ਕਿ ਸਾਹਿਬ ਨੇ ਹੁਕਮ ਦਿੱਤਾ ਹੈ ਕਿ ਕੋਈ ਵੀ ਥਾਣੇ ਅੰਦਰ ਨਾ ਆਵੇ।
ਥਾਣਾ ਜੀ.ਆਰ.ਪੀ. ਨੇ ਇਸ ਮਾਮਲੇ ਵਿੱਚ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਦਕਿ ਇੱਕ ਦੋਸ਼ੀ ਫ਼ਰਾਰ ਦੱਸਿਆ ਜਾ ਰਿਹਾ ਹੈ। ਫੜੇ ਗਏ ਵਿਅਕਤੀਆਂ ਦੀ ਪਛਾਣ ਜਗਸੀਰ ਅਤੇ ਚਰਨਜੀਤ ਕੌਰ ਵਜੋਂ ਹੋਈ ਹੈ। ਸੁਖਜੀਤ ਦੀ ਭਾਲ ਜਾਰੀ ਹੈ ਅਤੇ ਚੌਥੇ ਮੁਲਜ਼ਮ ਬਾਰੇ ਅਜੇ ਵੀ ਬੁਝਾਰਤ ਬਣੀ ਹੋਈ ਹੈ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਇਸ ਦੇ ਨਾਲ ਹੀ ਜਿਸ ਔਰਤ ਨੂੰ ਪੁਲਿਸ ਨੇ ਹਿਰਾਸਤ ਵਿਚ ਲਿਆ ਹੈ, ਉਸ ਦੀ ਧੀ ਦਾ ਕਹਿਣਾ ਹੈ ਕਿ ਜਦੋਂ ਇਹ ਘਟਨਾ ਵਾਪਰੀ, ਉਸ ਸਮੇਂ ਉਹ ਇਕ ਸੀਨੀਅਰ ਪੁਲਿਸ ਅਧਿਕਾਰੀ ਕੋਲ ਬੈਠੀ ਸੀ। ਉਹ ਨਹੀਂ ਜਾਣਦੇ ਕਿ ਏਐਸਆਈ ਜਿੰਦਰ ਨੇ ਖੁਦਕੁਸ਼ੀ ਕਿਉਂ ਕੀਤੀ। ਏਐਸਆਈ ਜਿੰਦਰ ਦੀ ਮੌਤ ਦਾ ਰੋਸ ਪੁਲਿਸ ਮਹਿਕਮੇ ਵਿੱਚ ਹੈ। ਪੁਲਿਸ ਮੁਲਾਜ਼ਮ ਵੀ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਗੱਲ ਦੱਬੀ ਜ਼ੁਬਾਨ ਵਿੱਚ ਕਰ ਰਹੇ ਹਨ।