ਚੋਣਾਂ ਦੌਰਾਨ ਇੱਕ ਨੌਜਵਾਨ ਨੂੰ ਥੱਪੜ ਮਾਰ ਕੇ ਚਰਚਾ ਵਿੱਚ ਆਏ ਸਾਬਕਾ ਕਾਂਗਰਸੀ ਵਿਧਾਇਕ ਜੋਗਿੰਦਰਪਾਲ ਭੋਆ ਨੂੰ ਪੰਜਾਬ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਪਠਾਨਕੋਟ ਦੀ ਤਾਰਾਗੜ੍ਹ ਪੁਲਸ ਚੌਕੀ ਨੇ ਕੁਝ ਦਿਨ ਪਹਿਲਾਂ ਰੇਤ ਦੀ ਨਾਜਾਇਜ਼ ਮਾਈਨਿੰਗ ਦਾ ਮਾਮਲਾ ਦਰਜ ਕੀਤਾ ਸੀ। ਇਸ ਵਿੱਚ ਪੁਲਿਸ ਨੇ ਨਾਜਾਇਜ਼ ਮਾਈਨਿੰਗ ਕਰਦੇ ਹੋਏ ਇੱਕ ਮਸ਼ੀਨ, ਟਿੱਪਰ ਅਤੇ ਟਰੈਕਟਰ ਟਰਾਲੀ ਬਰਾਮਦ ਕੀਤੀ ਸੀ। ਇਸ ਮਾਮਲੇ ਦੀ ਜਾਂਚ ਤੋਂ ਬਾਅਦ ਹੁਣ ਭੋਆ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਫਿਲਹਾਲ ਪੁਲਿਸ ਨੇ ਸਾਰਾ ਮਾਮਲਾ ਗੁਪਤ ਰੱਖਿਆ ਹੋਇਆ ਹੈ। ਇਸ ਬਾਰੇ ਕੋਈ ਕੁਝ ਨਹੀਂ ਕਹਿ ਰਿਹਾ।
ਜਾਣਕਾਰੀ ਮੁਤਾਬਕ ਕ੍ਰਿਸ਼ਨਾ ਸਟੋਨ ਸਟੋਰ ਦੇ ਨਾਂ ’ਤੇ ਕਰੱਸ਼ਰ ਸਟੋਰ ਹੈ, ਜਿਸ ਵਿੱਚ ਜੋਗਿੰਦਰਪਾਲ ਭੋਆ ਦੀ ਹਿੱਸੇਦਾਰੀ ਹੈ। ਇੱਥੇ ਪੁਲਿਸ ਨੇ ਛਾਪਾ ਮਾਰਿਆ ਸੀ। ਜਿਸ ਤੋਂ ਬਾਅਦ 8 ਜੂਨ ਨੂੰ ਛਾਪਾ ਮਾਰਿਆ ਗਿਆ। ਜੋਗਿੰਦਰਪਾਲ ਦਾ ਲੰਬੇ ਸਮੇਂ ਤੋਂ ਰੇਤ ਦੀ ਨਾਜਾਇਜ਼ ਮਾਈਨਿੰਗ ‘ਚ ਨਾਂ ਸੀ। ਹਾਲਾਂਕਿ ਪਹਿਲਾਂ ਉਨ੍ਹਾਂ ਦੀ ਪਾਰਟੀ ਦੀ ਕਾਂਗਰਸ ਦੀ ਸਰਕਾਰ ਸੀ, ਇਸ ਲਈ ਉਨ੍ਹਾਂ ‘ਤੇ ਪੁਲਿਸ ਨੇ ਹੱਥ ਪਾਉਣ ਦੀ ਹਿੰਮਤ ਨਹੀਂ ਕੀਤੀ।
ਦੱਸ ਦੇਈਏ ਕਿ ਕਾਂਗਰਸੀ ਆਗੂ ਜੋਗਿੰਦਰਪਾਲ ਭੋਆ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਚਰਚਾ ਵਿੱਚ ਆਏ ਸਨ। ਉਹ ਕਿਸੇ ਸਮਾਗਮ ਵਿੱਚ ਗਏ ਹੋਏ ਸਨ, ਜਿੱਥੇ ਇੱਕ ਨੌਜਵਾਨ ਨੇ ਪੁੱਛਿਆ ਕਿ ਕੀ ਵਿਕਾਸ ਹੋਇਆ। ਇਸ ਨਾਲ ਜੋਗਿੰਦਰਪਾਲ ਨੂੰ ਗੁੱਸਾ ਆ ਗਿਆ ਅਤੇ ਉਨ੍ਹਾਂ ਨੇ ਨੌਜਵਾਨ ਨੂੰ ਥੱਪੜ ਮਾਰ ਦਿੱਤਾ। ਇਸ ਤੋਂ ਬਾਅਦ ਗੰਨਮੈਨਾਂ ਨਾਲ ਮਿਲ ਕੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਇਸ ਦਾ ਵੀਡੀਓ ਕਾਫੀ ਵਾਇਰਲ ਹੋਇਆ ਸੀ।
ਇਸ ਬਾਰੇ ਜਾਣਕਾਰੀ ਦਿੰਦਿਆਂ ਸੀਨੀਅਰ ਪੁਲਿਸ ਕਪਤਾਨ (ਐਸ.ਐਸ.ਪੀ.) ਪਠਾਨਕੋਟ ਅਰੁਣ ਸੈਣੀ ਨੇ ਦੱਸਿਆ ਕਿ ਭਰੋਸੇਯੋਗ ਟੈਲੀਫੋਨ ਸੂਚਨਾ ‘ਤੇ ਕਾਰਵਾਈ ਕਰਦੇ ਹੋਏ ਪੁਲਿਸ ਟੀਮ ਨੂੰ 8 ਜੂਨ 2022 ਨੂੰ ਪਿੰਡ ਮਾਈਰਾ ਕਲਾਂ ਨੇੜੇ ਇੱਕ ਕਰੱਸ਼ਰ ਵਾਲੀ ਜਗ੍ਹਾ ‘ਤੇ ਭੇਜਿਆ ਗਿਆ ਸੀ, ਜਿੱਥੇ ਕੁਝ ਵਿਅਕਤੀ ਪੋਕਲੇਨ ਜੇਸੀਬੀ ਦੀ ਵਰਤੋਂ ਕਰਕੇ ਮਾਈਨਿੰਗ ਗੈਰ-ਕਾਨੂੰਨੀ ਮਾਈਨਿੰਗ ਕਰਦੇ ਪਾਏ ਗਏ ਸਨ।
ਉਨ੍ਹਾਂ ਦੱਸਿਆ ਕਿ ਪੁਲਿਸ ਟੀਮਾਂ ਨੇ ਮੌਕੇ ਤੋਂ ਪੋਕਲੇਨ ਜੇਸੀਬੀ ਅਤੇ ਟਰੈਕਟਰ-ਟਰਾਲੀ ਨੂੰ ਬਰਾਮਦ ਕਰ ਲਿਆ ਹੈ, ਜਦਕਿ ਚਾਲਕ ਦੀ ਪਛਾਣ ਸੁਨੀਲ ਕੁਮਾਰ ਵਜੋਂ ਹੋਈ ਹੈ ਅਤੇ ਕਰੱਸ਼ਰ ਦਾ ਨੁਮਾਇੰਦਾ ਪ੍ਰਕਾਸ਼ ਮੌਕੇ ਤੋਂ ਭੱਜਣ ਵਿੱਚ ਕਾਮਯਾਬ ਹੋ ਗਿਆ। ਪੋਕਲੇਨ ਜੇਸੀਬੀ ਤਾਰਾਗੜ੍ਹ ਦੇ ਪਿੰਡ ਕੀੜੀ ਖੁਰਦ ਦੇ ਕ੍ਰਿਸ਼ਨਾ ਵਾਸ਼ਡ ਸਟੋਨ ਕਰੱਸ਼ਰ ਦੇ ਨਾਂ ’ਤੇ ਰਜਿਸਟਰਡ ਸੀ।
ਖਣਨ ਅਤੇ ਖਣਿਜ (ਵਿਕਾਸ ਅਤੇ ਰੈਗੂਲੇਸ਼ਨ) ਐਕਟ ਦੀ ਧਾਰਾ 21 (1) ਦੇ ਤਹਿਤ ਮਿਤੀ 08/06/2022 ਨੂੰ ਇੱਕ ਐਫਆਈਆਰ ਨੰਬਰ 49 ਪਠਾਨਕੋਟ ਦੇ ਤਾਰਾਗੜ੍ਹ ਪੁਲਿਸ ਸਟੇਸ਼ਨ ਵਿੱਚ ਦਰਜ ਕੀਤੀ ਗਈ ਸੀ। ਐਸਐਸਪੀ ਨੇ ਅੱਗੇ ਦੱਸਿਆ ਕਿ ਜਾਂਚ ਦੌਰਾਨ ਪਤਾ ਲੱਗਾ ਕਿ ਕ੍ਰਿਸ਼ਨਾ ਵਾਸ਼ਡ ਸਟੋਨ ਕਰਸ਼ਰ ਵਿੱਚ ਸਾਬਕਾ ਵਿਧਾਇਕ ਜੋਗਿੰਦਰ ਪਾਲ ਦੀ 50 ਫੀਸਦੀ ਹਿੱਸੇਦਾਰੀ ਹੈ।
ਵੀਡੀਓ ਲਈ ਕਲਿੱਕ ਕਰੋ -: