ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਸੋਹਲ ਵਿੱਚ ਚੋਰਾਂ ਨੇ ਦਿਨ ਦਿਹਾੜੇ ਇੱਕ ਵਿਆਹ ਵਾਲੇ ਘਰ ਵਿੱਚੋਂ 40 ਤੋਲੇ ਸੋਨੇ ਦੇ ਗਹਿਣੇ ਅਤੇ 2.50 ਲੱਖ ਰੁਪਏ ਦੀ ਨਕਦੀ ਚੋਰੀ ਕਰ ਲਈ। ਘਰ ‘ਚ ਕੋਈ ਨਾ ਹੋਣ ‘ਤੇ ਚੋਰ ਨੇ ਵਾਰਦਾਤ ਨੂੰ ਅੰਜਾਮ ਦਿੱਤਾ। ਘਰ ਦਾ ਮਾਲਕ ਆਪਣੀ ਪਤਨੀ ਨੂੰ ਲੈ ਕੇ ਗੁਰਦਾਸਪੁਰ ਗਿਆ ਹੋਇਆ ਸੀ, ਜਦੋਂ ਉਹ ਵਾਪਸ ਆਇਆ ਤਾਂ ਦਰਵਾਜ਼ਿਆਂ ਦੇ ਤਾਲੇ ਟੁੱਟੇ ਹੋਏ ਮਿਲੇ। ਉਸ ਨੇ ਇਸ ਦੀ ਸ਼ਿਕਾਇਤ ਪੁਲੀਸ ਨੂੰ ਕੀਤੀ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪਿੰਡ ਸੋਹਲ ਵਾਸੀ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੀ ਪਤਨੀ ਨਾਲ ਪਹਿਲਾਂ ਕੋਈ ਚੀਜ਼ ਖਰੀਦਣ ਲਈ ਧਾਰੀਵਾਲ ਗਿਆ ਸੀ। ਉਥੋਂ ਕੁਝ ਕੰਮ ਲਈ ਗੁਰਦਾਸਪੁਰ ਚਲੇ ਗਏ। ਵਾਪਸ ਆਉਣ ‘ਤੇ ਘਰ ਦਾ ਦਰਵਾਜ਼ਾ ਖੁੱਲ੍ਹਿਆ ਹੋਇਆ ਸੀ ਅਤੇ ਅੰਦਰ ਵੜਣ ‘ਤੇ ਦਰਵਾਜ਼ੇ ਦਾ ਤਾਲਾ ਟੁੱਟਿਆ ਹੋਇਆ ਸੀ। ਕਮਰਿਆਂ ਦੀਆਂ ਅਲਮਾਰੀਆਂ ਦੇ ਤਾਲੇ ਟੁੱਟੇ ਹੋਏ ਸਨ। ਸਾਮਾਨ ਖਿਲਰਿਆ ਪਿਆ ਸੀ। ਘਰ ‘ਚੋਂ 40 ਤੋਲੇ ਸੋਨੇ ਦੇ ਗਹਿਣੇ ਅਤੇ 2.5 ਲੱਖ ਰੁਪਏ ਦੀ ਨਕਦੀ ਗਾਇਬ ਸੀ।
ਸੁਖਜਿੰਦਰ ਨੇ ਦੱਸਿਆ ਕਿ ਵੱਡੀ ਧੀ ਜੋ ਕਿ ਵਿਆਹੀ ਹੋਈ ਹੈ, ਆਸਟ੍ਰੇਲੀਆ ਰਹਿੰਦੀ ਹੈ ਅਤੇ ਛੋਟੀ ਧੀ ਦੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਵੱਡੀ ਧੀ ਦੇ ਗਹਿਣੇ ਵੀ ਨਾਲ ਹੀ ਪਏ ਸਨ। ਬਾਕੀ ਗਹਿਣੇ ਛੋਟੀ ਧੀ ਦੇ ਵਿਆਹ ਲਈ ਤਿਆਰ ਕੀਤੇ ਗਏ ਸਨ।
ਚੋਰ ਘਰ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਿਆ ਹੈ। ਚੋਰ ਨੇ ਪਹਿਲਾਂ ਕੂੜਾ ਚੁੱਕਣ ਵਾਲਾ ਬਣ ਕੇ ਘਰ ਦਾ ਜਾਇਜ਼ਾ ਲਿਆ ਤੇ ਮੌਕਾ ਪਾ ਕੇ ਕੰਧ ਟੱਪ ਕੇ ਅੰਦਰ ਵੜ ਗਿਆ। ਇਸ ਤੋਂ ਬਾਅਦ ਉਸ ਨੇ ਸੋਨੇ ਦੇ ਗਹਿਣੇ ਅਤੇ ਨਕਦੀ ‘ਤੇ ਹੱਥ ਸਾਫ ਕੀਤਾ। ਪੁਲਿਸ ਨੇ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -: