ਅਜਮੇਰ ਦੇ ਇੱਕ ਬੰਦੇ ਨੇ ਪੈਗੰਬਰ ਮੁਹੰਮਦ ‘ਤੇ ਵਿਵਾਦਿਤ ਟਿੱਪਣੀ ਕਰਨ ਲਈ ਬੀਜੇਪੀ ਦੀ ਸਸਪੈਂਡ ਬੁਲਾਰਨ ਨੂਪੁਰ ਸ਼ਰਮਾ ਦਾ ਕਤਲ ਕਰਨ ਵਾਲੇ ਨੂੰ ਇਨਾਮ ਵਜੋਂ ਆਪਣੀ ਪੂਰ ਜਾਇਦਾਦ ਤੇ ਘਰ ਦੇਣ ਦਾ ਐਲਾਨ ਕੀਤਾ ਹੈ। ਇਸ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਕਰਕੇ ਮਾਮਲਾ ਦਰਜ ਕਰ ਲਿਆ ਹੈ।
ਇਸ ਵਿਅਕਤੀ ਦੀ ਪਛਾਣ ਸਲਮਾਨ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਚਿਸ਼ਤੀ ਦਰਗਾਹ ਦਾ ਖਾਦਿਮ ਹੈ। ਸਲਮਾਨ ਵੀਡੀਓ ‘ਚ ਕਹਿ ਰਿਹਾ ਹੈ ਕਿ ਜੋ ਵੀ ਨੂਪੁਰ ਸ਼ਰਮਾ ਦਾ ਸਿਰ ਲਿਆਏਗਾ, ਉਹ ਉਸ ਨੂੰ ਆਪਣਾ ਘਰ ਅਤੇ ਜਾਇਦਾਦ ਦੇ ਦੇਵੇਗਾ। ਉਸ ਨੇ ਕਿਹਾ ਕਿ ਬੀਜੇਪੀ ਆਗੂ ਨੇ ਖਵਾਜਾ ਸਾਹਿਬ ਅਤੇ ਮੁਹੰਮਦ ਸਾਹਿਬ ਦੇ ਮਾਣ ਨਾਲ ਧੋਖਾ ਕੀਤਾ ਹੈ, ਅਜਿਹੇ ‘ਚ ਉਹ ਆਪਣਾ ਘਰ ਅਤੇ ਜਾਇਦਾਦ ਉਸ ਨੂੰ ਦੇ ਦੇਵੇਗਾ, ਜੋ ਉਸ ਦਾ ਸਿਰ ਕਲਮ ਕਰਕੇ ਲਿਆਵੇਗਾ।
ਵੀਡੀਓ ਵਾਇਰਲ ਹੋਣ ਤੋਂ ਬਾਅਦ ਵਧੀਕ ਪੁਲਿਸ ਸੁਪਰਡੈਂਟ ਵਿਕਾਸ ਸਾਂਗਵਾਨ ਨੇ ਕਿਹਾ ਕਿ ਉਨ੍ਹਾਂ ਨੂੰ ਵੀ ਇਹ ਵੀਡੀਓ ਵ੍ਹਾਟਸਐਪ ਰਾਹੀਂ ਮਿਲੀ ਸੀ। ਇਸ ਵੀਡੀਓ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਦਾ ਰਵੱਈਆ ਕਾਫੀ ਸਖਤ ਹੈ, ਵੀਡੀਓ ‘ਚ ਸਲਮਾਨ ਚਿਸ਼ਤੀ ਨਸ਼ੇ ਦੀ ਹਾਲਤ ‘ਚ ਨਜ਼ਰ ਆ ਰਿਹਾ ਹੈ। ਇਸ ਸਬੰਧੀ ਪੁਲਿਸ ਨੇ ਦਰਗਾਹ ਅਤੇ ਅੰਜੁਮਨ ਦੇ ਅਧਿਕਾਰੀਆਂ ਨਾਲ ਵੀ ਗੱਲ ਕੀਤੀ ਹੈ। ਸਲਮਾਨ ਚਿਸ਼ਤੀ ਦਰਗਾਹ ਥਾਣਾ ਖੇਤਰ ਦਾ ਰਹਿਣ ਵਾਲਾ ਹੈ, ਪੁਲਿਸ ਸਲਮਾਨ ਦੀ ਭਾਲ ਕਰ ਰਹੀ ਹੈ।
ਦੱਸ ਦੇਈਏ ਕਿ ਨੂਪੁਰ ਸ਼ਰਮਾ ਦੇ ਸਮਰਥਨ ਵਿੱਚ ਵੀਡੀਓ ਪੋਸਟ ਕਰਨ ਵਾਲੇ ਕਨ੍ਹਈਲਾਲ ਦੀ ਦੋ ਦੋਸ਼ੀਆਂ ਨੇ ਹੱਤਿਆ ਕਰ ਦਿੱਤੀ ਸੀ। ਰਾਜਸਥਾਨ ਦੇ ਉਦੈਪੁਰ ਵਿੱਚ 28 ਜੂਨ ਨੂੰ ਦੋ ਮੁਲਜ਼ਮਾਂ ਨੇ ਕਨ੍ਹਈਲਾਲ ਦੀ ਦੁਕਾਨ ਵਿੱਚ ਦਾਖ਼ਲ ਹੋ ਕੇ ਉਸ ਦਾ ਗਲਾ ਵੱਢ ਦਿੱਤਾ। ਉਦੋਂ ਤੋਂ ਸੂਬੇ ‘ਚ ਤਣਾਅ ਵਧ ਗਿਆ ਸੀ। ਹਾਲਾਂਕਿ ਪੁਲਿਸ ਨੇ ਦੋਵਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਵੀਡੀਓ ਲਈ ਕਲਿੱਕ ਕਰੋ -: