PUBG ਇੱਕ ਜਾਨਲੇਵਾ ਗੇਮ ਬਣ ਚੁੱਕੀ ਹੈ। ਇਸ ਦੀ ਲੱਤ ਨੇ ਪਤਾ ਨਹੀਂ ਕਿੰਨੇ ਕੁ ਬੱਚਿਆਂ ਤੇ ਨੌਜਵਾਨਾਂ ਦੀ ਜਾਨ ਲੈ ਲਈ। ਇਹ ਗੇਮ ਖੇਡਣ ਵਾਲੇ ਨੌਜਵਾਨ ਮਾਨਸਿਕ ਤਣਾਅ ਦੇ ਸ਼ਿਕਾਰ ਹੋ ਜਾਂਦੇ ਹਨ, ਜਿਸ ਮਗਰੋਂ ਉਹ ਪ੍ਰੇਸ਼ਾਨੀ ਤੇ ਡਿਪ੍ਰੈਸ਼ਨ ਵਿੱਚ ਆਪਣੀ ਜ਼ਿੰਦਗੀ ਖਤਮ ਕਰਨ ਤੋਂ ਵੀ ਨਹੀਂ ਝਿਜਕਦੇ।
ਪੰਜਾਬ ਵਿੱਚ ਵੀ ਅਜਿਹੇ ਦੋ ਮਾਮਲੇ ਸਾਹਮਣੇ ਆਏ ਹਨ, ਜਿਥੇ ਬੁੱਧਵਾਰ ਨੂੰ ਪੰਜਾਬ ਦੇ ਲੁਧਿਆਣਾ ‘ਚ PUBG ਗੇਮ ਨੇ ਦੋ ਨੌਜਵਾਨਾਂ ਨੇ ਘਰ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਦੋਵੇਂ ਹਰ ਰੋਜ਼ ਕਈ-ਕਈ ਘੰਟੇ ਗੇਮ ਖੇਡਦੇ ਸਨ ਅਤੇ ਕੁਝ ਦਿਨਾਂ ਤੋਂ ਪ੍ਰੇਸ਼ਾਨ ਹੋ ਰਹੇ ਸਨ।
ਨਿਊ ਸ਼ਿਵਪੁਰੀ ਇਲਾਕੇ ਦੇ ਰਹਿਣ ਵਾਲੇ ਸੁਮਿਤ ਕਸ਼ਯਪ (24) ਨੇ ਆਪਣੇ ਘਰ ‘ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਘਟਨਾ ਦਾ ਪਤਾ ਉਦੋਂ ਲੱਗਾ ਜਦੋਂ ਸੁਮਿਤ ਦੇ ਪਰਿਵਾਰ ਵਾਲੇ ਉਸ ਨੂੰ ਬੁਲਾਉਣ ਆਏ। ਅੰਦਰ ਲਟਕਦੀ ਲਾਸ਼ ਵੇਖ ਉਨ੍ਹਾਂ ਦੇ ਹੋਸ਼ ਉੱਡ ਗਏ। ਸੂਚਨਾ ਮਿਲਦੇ ਹੀ ਥਾਣਾ ਦਰਾਸੀ ਦੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਜਾਂਚ ਅਧਿਕਾਰੀ ਏਐਸਆਈ ਰਾਮ ਕ੍ਰਿਸ਼ਨ ਨੇ ਦੱਸਿਆ ਕਿ ਸੁਮਿਤ ਕਸ਼ਯਪ ਫੈਕਟਰੀ ਵਿੱਚ ਠੇਕੇਦਾਰ ਵਜੋਂ ਕੰਮ ਕਰਦਾ ਸੀ। ਉਹ ਲੁਧਿਆਣਾ ਵਿੱਚ ਆਪਣੇ ਮਾਮੇ ਘਰ ਰਹਿ ਰਿਹਾ ਸੀ। ਦੂਜੇ ਪਾਸੇ ਸੁਮਿਤ ਕਸ਼ਯਪ ਦਾ ਛੋਟਾ ਭਰਾ ਕੇਸ਼ਵ ਕਸ਼ਯਪ ਦਿੱਲੀ ਤੋਂ ਸੁਮਿਤ ਕੋਲ ਰਹਿਣ ਆਇਆ ਸੀ।
ਏਐਸਆਈ ਰਾਮ ਕ੍ਰਿਸ਼ਨ ਨੇ ਦੱਸਿਆ ਕਿ ਪਰਿਵਾਰ ਨੇ ਪੁਲਿਸ ਨੂੰ ਸੂਚਿਤ ਕੀਤਾ ਹੈ ਕਿ ਉਹ ਪਿਛਲੇ ਕੁਝ ਸਮੇਂ ਤੋਂ ਕਈ ਘੰਟੇ PUBG ਗੇਮ ਖੇਡਦਾ ਸੀ। ਪਰਿਵਾਰਕ ਮੈਂਬਰਾਂ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ ਪਰ ਉਸ ਨੇ ਕਿਸੇ ਦੀ ਗੱਲ ਨਹੀਂ ਸੁਣੀ। ਪਿਛਲੇ ਕੁਝ ਦਿਨਾਂ ਤੋਂ ਉਹ ਪ੍ਰੇਸ਼ਾਨ ਸੀ। ਉਸ ਨੇ ਘਰ ‘ਚ ਹੀ ਫਾਹਾ ਲੈ ਕੇ ਆਪਣੀ ਜਾਨ ਦੇ ਦਿੱਤੀ। ਪੁਲਿਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ।
ਥਾਣਾ ਦਰੇਸੀ ਦੇ ਐਸਐਚਓ ਰਾਜੇਸ਼ ਠਾਕੁਰ ਨੇ ਦੱਸਿਆ ਕਿ ਕ੍ਰਿਪਾਲ ਨਗਰ ਦੇ ਰਹਿਣ ਵਾਲੇ ਜਤਿੰਦਰ ਸਿੰਘ (28) ਨੇ ਵੀ ਆਪਣੇ ਘਰ ਵਿੱਚ ਫਾਹਾ ਲੈ ਲਿਆ। ਜਤਿੰਦਰ ਦੇ ਪਰਿਵਾਰ ਵਾਲੇ ਕਿਸੇ ਕੰਮ ਲਈ ਬਾਹਰ ਗਏ ਹੋਏ ਸਨ। ਜਤਿੰਦਰ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ PUBG ਗੇਮ ਖੇਡਦਾ ਸੀ।
ਪਰਿਵਾਰ ਵਾਲਿਆਂ ਨੇ ਉਸ ਨੂੰ ਕਈ ਵਾਰ ਰੋਕਿਆ ਪਰ ਉਸ ਨੇ ਕਿਸੇ ਦੀ ਗੱਲ ਨਹੀਂ ਸੁਣੀ। ਕੁਝ ਸਮੇਂ ਤੋਂ ਉਹ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਸੀ। ਬੁੱਧਵਾਰ ਨੂੰ ਪਰਿਵਾਰ ਕਿਸੇ ਕੰਮ ਲਈ ਸ਼ਹਿਰ ਤੋਂ ਬਾਹਰ ਗਿਆ ਹੋਇਆ ਸੀ। ਉਸ ਨੇ ਪਿੱਛੇ ਤੋਂ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਇੰਸਪੈਕਟਰ ਰਾਜੇਸ਼ ਠਾਕੁਰ ਨੇ ਦੱਸਿਆ ਕਿ ਜਾਂਚ ਦੌਰਾਨ ਜਤਿੰਦਰ ਦੇ ਕਬਜ਼ੇ ‘ਚੋਂ ਇਕ ਸੁਸਾਈਡ ਨੋਟ ਮਿਲਿਆ ਹੈ, ਜਿਸ ‘ਚ ਉਸ ਨੇ ਆਪਣੀ ਮੌਤ ਲਈ ਖੁਦ ਨੂੰ ਜ਼ਿੰਮੇਵਾਰ ਦੱਸਿਆ ਹੈ। ਬਾਕੀ ਪੁਲਿਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -: