ਲੁਧਿਆਣਾ ਦੇ ਦੁਸਹਿਰਾ ਗਰਾਊਂਡ ਨੇੜੇ ਕੁੰਦਨਪੁਰੀ ਵਿੱਚ ਇੱਕ ਨਾਬਾਲਿਗਾ ਦੀ ਲਾਸ਼ ਸ਼ੱਕੀ ਹਾਲਾਤਾਂ ਵਿੱਚ ਫਾਹੇ ਨਾਲ ਲਟਕਦੀ ਮਿਲੀ। ਕੁੜੀ ਇਲਾਕੇ ‘ਚ ਹੀ ਇਕ ਘਰ ‘ਚ ਸਫਾਈ ਦਾ ਕੰਮ ਕਰਦੀ ਸੀ। ਸੋਮਵਾਰ ਦੇਰ ਸ਼ਾਮ ਤੱਕ ਜਦੋਂ ਉਹ ਘਰ ਨਹੀਂ ਪਰਤੀ ਤਾਂ ਉਸ ਦੇ ਪਰਿਵਾਰ ਵਾਲੇ ਉਸ ਨੂੰ ਲੱਭਣ ਲਈ ਨਿਕਲੇ। ਇਸੇ ਦੌਰਾਨ ਉਨ੍ਹਾਂ ਕੋਲ ਮਕਾਨ ਮਾਲਕ ਦਾ ਫੋਨ ਆਇਆ। ਉਨ੍ਹਾਂ ਨੇ ਕੁੜੀ ਦੇ ਪਰਿਵਾਰ ਵਾਲਿਆਂ ਨੂੰ ਆਪਣੇ ਘਰ ਬੁਲਾਇਆ।
ਜਿਵੇਂ ਹੀ ਪਰਿਵਾਰ ਘਰ ਪਹੁੰਚਿਆ ਤਾਂ ਮਕਾਨ ਮਾਲਕ ਨੇ ਦੱਸਿਆ ਕਿ ਉਨ੍ਹਾਂ ਦੀ ਕੁੜੀ ਨੇ ਫਾਹਾ ਲੈ ਲਿਆ ਹੈ। ਜਦੋਂ ਉਨ੍ਹਾਂ ਦੇਖਿਆ ਕਿ ਕੁੜੀ ਫਾਹੇ ਨਾਲ ਲਟਕ ਰਹੀ ਸੀ ਤਾਂ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਪਰਿਵਾਰ ਦਾ ਦੋਸ਼ ਹੈ ਕਿ ਕੁੜੀ ਨਾਲ ਜਬਰ-ਜ਼ਨਾਹ ਕੀਤਾ ਗਿਆ ਅਤੇ ਉਸ ਨੂੰ ਫਾਹਾ ਲਾ ਕੇ ਮਾਰ ਦਿੱਤਾ ਗਿਆ। ਪਰਿਵਾਰ ਨੇ ਤੁਰੰਤ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ। ਮ੍ਰਿਤਕ ਕੁੜੀ ਦੀ ਪਛਾਣ ਕਾਜਲ (15) ਵਜੋਂ ਹੋਈ ਹੈ।
ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਜੁਆਇੰਟ ਸੀਪੀ ਨਰਿੰਦਰ ਭਾਰਗਵ, ਏ.ਸੀ.ਪੀ. ਹਰੀਸ਼ ਬਹਿਲ, ਏ.ਸੀ.ਪੀ ਮਨਿੰਦਰ ਬੇਦੀ ਅਤੇ ਕਈ ਥਾਣਿਆਂ ਦੀ ਪੁਲਿਸ ਫੋਰਸ ਮੌਕੇ ‘ਤੇ ਪਹੁੰਚ ਗਈ। ਪੁਲਿਸ ਨੇ ਲਾਸ਼ ਨੂੰ ਫਾਹੇ ਤੋਂ ਕਬਜ਼ੇ ‘ਚ ਲੈ ਕੇ ਜਾਂਚ ਤੋਂ ਬਾਅਦ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਪੁਲਿਸ ਔਰਤਾਂ ਤੇ ਬੰਦਿਆਂ ਨੂੰ ਘਰ ਦੇ ਅੰਦਰ ਜਾਣ ਤੋਂ ਰੋਕਦੀ ਰਹੀ ਪਰ ਗੁੱਸੇ ਵਿੱਚ ਆਈਆਂ ਔਰਤਾਂ ਨੇ ਜ਼ੋਰਦਾਰ ਵਿਰੋਧ ਕੀਤਾ। ਉਨ੍ਹਾਂ ਦੀ ਪੁਲਿਸ ਮੁਲਾਜ਼ਮਾਂ ਨਾਲ ਝੜਪ ਹੋ ਗਈ। ਉਨ੍ਹਾਂ ਦੋਸ਼ ਲਾਇਆ ਕਿ ਪੁਲਿਸ ਦਬਾਅ ਹੇਠ ਕੰਮ ਕਰ ਰਹੀ ਹੈ। ਲੋਕਾਂ ਨੇ ਘਰ ਅੰਦਰ ਵੜਨ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਲੋਕਾਂ ਨੂੰ ਬਾਹਰੋਂ ਹੀ ਰੋਕ ਦਿੱਤਾ।
ਇਹ ਵੀ ਪੜ੍ਹੋ : ਮੋਹਾਲੀ : ਪਤਨੀ ਨਾਲ ਝਗੜੇ ਕਰਕੇ ਬੰਦੇ ਨੇ ਸ਼ਰੇ ਬਾਜ਼ਾਰ ਚਾਕੂ ਨਾਲ ਵਿੰਨ੍ਹਿਆ ਸਾਲਾ
ਮ੍ਰਿਤਕ ਕਾਜਲ ਦੀ ਮਾਂ ਸੁਮਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕੁੜੀ ਉਕਤ ਘਰ ਵਿੱਚ ਪਿਛਲੇ ਦੋ ਸਾਲਾਂ ਤੋਂ ਕੰਮ ਕਰਦੀ ਸੀ। ਘਰ ਦੇ ਮਾਲਕ ਦੀ ਪਤਨੀ ਪਿਛਲੇ ਕੁਝ ਸਮੇਂ ਤੋਂ ਅਧਰੰਗ ਤੋਂ ਪੀੜਤ ਹੈ ਅਤੇ ਹਸਪਤਾਲ ਵਿੱਚ ਦਾਖਲ ਹੈ। 4-5 ਦਿਨ ਪਹਿਲਾਂ ਘਰ ਦੇ ਮਾਲਕ ਨੇ ਉਸ ਦੀ ਕੁੜੀ ਨੂੰ ਰਾਤ ਨੂੰ ਕੰਮ ‘ਤੇ ਰੱਖਣ ਦੀ ਗੱਲ ਕਹੀ ਸੀ ਪਰ ਉਸ ਨੇ ਰਾਤ ਨੂੰ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਕੰਮ ਛੱਡਣ ਲਈ ਕਿਹਾ।
ਅਗਲੀ ਸਵੇਰ ਜਦੋਂ ਉਸ ਦੀ ਲੜਕੀ ਘਰ ਆਈ ਤਾਂ ਉਸ ਨੇ ਦੱਸਿਆ ਕਿ ਮਕਾਨ ਮਾਲਕ ਨੇ ਉਸ ਨਾਲ ਛੇੜਛਾੜ ਕੀਤੀ ਹੈ। ਪਰਿਵਾਰ ਨੇ ਮਕਾਨ ਮਾਲਕ ਨੂੰ ਫੋਨ ਕਰਕੇ ਦੱਸਿਆ ਸੀ ਕਿ ਉਨ੍ਹਾਂ ਦੀ ਧੀ ਕੰਮ ‘ਤੇ ਨਹੀਂ ਆਵੇਗੀ। ਪਰ ਉਸ ਨੇ ਆਪਣੀ ਪਤਨੀ ਦੇ ਬੀਮਾਰ ਹੋਣ ਦੀ ਮਿੰਨਤ ਕਰਕੇ ਧੀ ਨੂੰ ਦੁਬਾਰਾ ਬੁਲਾਇਆ। ਮਕਾਨ ਮਾਲਕ ਨੇ ਦੱਸਿਆ ਕਿ ਜਦੋਂ ਉਸ ਦੀ ਪਤਨੀ ਹਸਪਤਾਲ ਤੋਂ ਘਰ ਆਈ ਤਾਂ ਉਹ ਬੇਸ਼ੱਕ ਨੌਕਰੀ ਛੱਡ ਦੇਵੇ।
ਪਰਿਵਾਰ ਵਾਲਿਆਂ ਮੁਤਾਬਕ ਕਾਜਲ ਦੀ ਲਾਸ਼ ਫਾਹੇ ਨਾਲ ਲਟਕ ਰਹੀ ਸੀ। ਉਸ ਦੇ ਮੂੰਹ ਵਿੱਚ ਇੱਕ ਕੱਪੜਾ ਪਾਇਆ ਹੋਇਆ ਸੀ, ਜੋ ਖੂਨ ਨਾਲ ਭਰਿਆ ਹੋਇਆ ਸੀ। ਕਾਜਲ ਦਾ ਪਿਤਾ ਮਟਰੀ ਰਿਕਸ਼ਾ ਚਾਲਕ ਹੈ। ਪੂਰਾ ਪਰਿਵਾਰ ਮੂਲ ਰੂਪ ਤੋਂ ਉਨਾਵ, ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ। ਮਾਂ ਸੁਮਨ ਦਾ ਕਹਿਣਾ ਹੈ ਕਿ ਕਾਜਲ ਸਵੇਰੇ ਕੰਮ ‘ਤੇ ਚਲੀ ਗਈ ਅਤੇ ਦੁਪਹਿਰ ਨੂੰ ਘਰ ਦਾ ਸਮਾਨ ਦੇ ਕੇ ਵਾਪਸ ਆਪਣੇ ਕੰਮ ‘ਤੇ ਚਲੀ ਗਈ। ਉਸ ਵੇਲੇ ਤੱਕ ਸਭ ਕੁਝ ਠੀਕ ਸੀ। ਸ਼ਾਮ ਨੂੰ ਧੀ ਦੀ ਲਾਸ਼ ਫਾਹੇ ਨਾਲ ਲਟਕਦੀ ਮਿਲੀ। ਪਰਿਵਾਰ ਦਾ ਦੋਸ਼ ਹੈ ਕਿ ਉਨ੍ਹਾਂ ਦੀ ਧੀ ਨੇ ਖੁਦਕੁਸ਼ੀ ਨਹੀਂ ਕੀਤੀ, ਸਗੋਂ ਕਤਲ ਕੀਤਾ ਗਿਆ ਹੈ। ਇਸ ਤੋਂ ਬਾਅਦ ਇਸ ਨੂੰ ਖੁਦਕੁਸ਼ੀ ਦਾ ਰੂਪ ਦਿੱਤਾ ਜਾ ਰਿਹਾ ਹੈ। ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਪੁਲਿਸ ਮਾਲਕਾਂ ਨਾਲ ਮਿਲ ਕੇ ਉਨ੍ਹਾਂ ਨੂੰ ਗੁੰਮਰਾਹ ਕਰ ਰਹੀ ਹੈ। ਜਦੋਂ ਪਰਿਵਾਰਕ ਮੈਂਬਰਾਂ ਨੇ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੂੰ ਧੱਕੇ ਮਾਰੇ ਗਏ।
ਜਾਂਚ ਦੌਰਾਨ ਮਾਹੌਲ ਇੰਨਾ ਤਣਾਅਪੂਰਨ ਹੋ ਗਿਆ ਕਿ ਪੁਲਿਸ ਨੇ ਲੋਕਾਂ ‘ਤੇ ਲਾਠੀਚਾਰਜ ਕੀਤਾ। ਇਸ ਦੇ ਨਾਲ ਹੀ ਲੋਕਾਂ ਨੇ ਪੁਲਿਸ ਨੂੰ ਵੀ ਘੇਰ ਲਿਆ। ਲੋਕਾਂ ਨੇ ਪੁਲਿਸ ‘ਤੇ ਇੱਟਾਂ-ਪੱਥਰ ਵੀ ਸੁੱਟੇ। ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਇਸ ਦੇ ਨਾਲ ਹੀ ਪੁਲਿਸ ਨੇ ਪੂਰੇ ਇਲਾਕੇ ਨੂੰ ਘੇਰ ਕੇ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਹੈ। ਲੋਕਾਂ ਨੇ ਉਸ ਘਰ ‘ਤੇ ਪਥਰਾਅ ਕੀਤਾ ਜਿੱਥੇ ਲੜਕੀ ਦੀ ਲਾਸ਼ ਮਿਲੀ।
ਲੋਕਾਂ ਦਾ ਜ਼ਿੱਦ ਸੀ ਕਿ ਜਦੋਂ ਤੱਕ ਪੁਲਿਸ ਮੁਲਜ਼ਮਾਂ ਨੂੰ ਸਾਹਮਣੇ ਨਹੀਂ ਲਿਆਉਂਦੀ, ਉਦੋਂ ਤੱਕ ਉਹ ਲਾਸ਼ ਨੂੰ ਫਾਹੇ ਤੋਂ ਨਹੀਂ ਲਾਹੁਣ ਦੇਣਗੇ। ਘਟਨਾ ਵਾਲੀ ਥਾਂ ‘ਤੇ ਸਥਿਤੀ ਵਿਗੜਦੀ ਵੇਖ ਪੁਲਿਸ ਨੇ ਲੋਕਾਂ ‘ਤੇ ਲਾਠੀਚਾਰਜ ਕਰ ਦਿੱਤਾ।
ਸਥਿਤੀ ਵਿਗੜਦੀ ਵੇਖ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਅਤੇ ਲਾਸ਼ ਨੂੰ ਐਂਬੂਲੈਂਸ ‘ਚ ਰਖਵਾਇਆ ਗਿਆ। ਕੁੜੀ ਦੇ ਪਰਿਵਾਰ ਵਾਲਿਆਂ ਵੱਲੋਂ ਐਂਬੂਲੈਂਸ ਦਾ ਪਿੱਛਾ ਕੀਤਾ ਗਿਆ ਅਤੇ ਉਨ੍ਹਾਂ ਨੇ ਐਂਬੂਲੈਂਸ ਵਿੱਚੋਂ ਲਾਸ਼ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਵੀ ਕੀਤੀ ਪਰ ਪੁਲਿਸ ਵੱਲੋਂ ਐਂਬੂਲੈਂਸ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਇਸ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੂੰ ਖਿੰਡਾਉਣ ਲਈ ਉਨ੍ਹਾਂ ‘ਤੇ ਲਾਠੀਚਾਰਜ ਕੀਤਾ ਗਿਆ।
ਐਂਬੂਲੈਂਸ ਵਿੱਚ ਜਾਣ ਤੋਂ ਬਾਅਦ ਗੁੱਸੇ ਵਿੱਚ ਆਏ ਲੋਕਾਂ ਦੀ ਭੀੜ ਨੇ ਇੱਕ ਏਐਸਆਈ ਨੂੰ ਘੇਰ ਲਿਆ। ਭੀੜ ਤੋਂ ਬਚਾਅ ਕਰਦੇ ਹੋਏ ਏਐਸਆਈ ਭੱਜਿਆ ਪਰ ਲੋਕ ਹੱਥਾਂ ਵਿੱਚ ਪੱਥਰ ਲੈ ਕੇ ਉਸਦੇ ਪਿੱਛੇ ਭੱਜਣ ਲੱਗੇ। ਏ.ਐਸ.ਆਈ ਦੀ ਕੁੱਟਮਾਰ ਹੋਣ ਵਾਲੀ ਸੀ ਜਦੋਂ ਬਾਕੀ ਪੁਲਿਸ ਮੁਲਾਜ਼ਮ ਉਥੇ ਪਹੁੰਚ ਗਏ, ਜਿਨ੍ਹਾਂ ਨੇ ਬੈਕਅੱਪ ਦੇ ਕੇ ਏਐਸਆਈ ਨੂੰ ਬਚਾਇਆ, ਨਹੀਂ ਤਾਂ ਲੋਕ ਇੰਨੇ ਭੜਕ ਗਏ ਸਨ ਕਿ ਉਹ ਕੁਝ ਵੀ ਕਰ ਸਕਦੇ ਸਨ।
ਵੀਡੀਓ ਲਈ ਕਲਿੱਕ ਕਰੋ -: