ਬਠਿੰਡਾ ਵਿੱਚ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਘਰੇਲੂ ਕਲੇਸ਼ ਕਰਕੇ ਇੱਕ ਬੰਦੇ ਨੇ ਵੱਡੀ ਵਾਰਦਾਤ ਨੂੰ ਅੰਜਾਮ ਦਿੰਦਿਆਂ ਆਪਣੀ ਪਤਨੀ ਤੇ ਧੀ ਦਾ ਕਤਲ ਕਰ ਦਿੱਤਾ। ਮਾਮਲਾ ਤਲਵੰਡੀ ਸਾਬੋ ਦੇ ਪਿੰਡ ਤਿਓਨਾ ਤੋਂ ਸਾਹਮਣੇ ਆਇਆ ਹੈ। ਮ੍ਰਿਤਕ ਔਰਤ ਦੀ ਪਛਾਣ 32 ਸਾਲਾ ਜਸਵੀਰ ਕੌਰ ਅਤੇ ਉਸ ਦੀ 6 ਸਾਲਾਂ ਧੀ ਸੁਖਪ੍ਰੀਤ ਕੌਰ ਵਜੋਂ ਹੋਈ ਹੈ। ਘਟਨਾ ਤੋਂ ਬਾਅਦ ਪੂਰੇ ਪਿੰਡ ਵਿੱਚ ਸੋਗ ਦਾ ਮਾਹੌਲ ਹੈ।
ਘਟਨਾ ਦੀ ਸੂਚਨਾ ਮਿਲਦੇ ਹੀ ਡੀਐੱਸਪੀ ਜੀਤਨ ਬਾਂਸਲ ਮੌਕੇ ‘ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਹਮਲਾਵਰ ਦੀ ਪਛਾਣ ਹੋ ਗਈ ਹੈ, ਜਿਸ ਦੀ ਪੁਲਿਸ ਭਾਲ ਕੀਤੀ ਜਾ ਰਹੀ ਹੈ। ਡੀਐਸਪੀ ਬਾਂਸਲ ਮੁਤਾਬਕ ਮ੍ਰਿਤਕ ਔਰਤ ਜਸਵੀਰ ਕੌਰ ਦਾ ਆਪਣੇ ਪਤੀ ਅਮਰਜੀਤ ਸਿੰਘ ਨਾਲ ਕਾਫ਼ੀ ਸਮੇਂ ਤੋਂ ਘਰੇਲੂ ਝਗੜਾ ਚੱਲ ਰਿਹਾ ਸੀ।
ਮੰਗਲਵਾਰ ਸਵੇਰੇ ਜਦੋਂ ਜਸਵੀਰ ਕੌਰ ਘਰ ਵਿੱਚ ਕੱਪੜੇ ਧੋ ਰਹੀ ਸੀ ਤਾਂ ਉਸ ਦੀ ਛੇ ਸਾਲਾ ਬੇਟੀ ਸੁਖਪ੍ਰੀਤ ਕੌਰ ਸਕੂਲ ਜਾਣ ਲਈ ਤਿਆਰ ਸੀ। ਉਹ ਅਜੇ ਘਰੋਂ ਸਕੂਲ ਜਾਣ ਲਈ ਨਿਕਲ ਰਹੀ ਸੀ ਕਿ ਅਮਰਜੀਤ ਸਿੰਘ ਨੇ ਤੇਜ਼ਧਾਰ ਹਥਿਆਰਾਂ ਨਾਲ ਆਪਣੀ ਧੀ ਅਤੇ ਪਤਨੀ ’ਤੇ ਹਮਲਾ ਕਰ ਦਿੱਤਾ, ਜਿਸ ਕਰਕੇ ਜਸਵੀਰ ਕੌਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਲਾਂਕਿ ਉਸ ਦੀ ਧੀ ਸੁਖਪ੍ਰੀਤ ਕੌਰ ਨੂੰ ਤਲਵੰਡੀ ਸਾਬੋ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੇ ਵੀ ਦਮ ਤੜ ਦਿੱਤਾ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦਾ ਕਾਤਲ ਆਖ਼ਰੀ ਸ਼ੂਟਰ ਦੀਪਕ ਮੁੰਡੀ ਵੀ ਆਇਆ ਪੁਲਿਸ ਦੇ ਸ਼ਿਕੰਜੇ ‘ਚ!
ਪਿੰਡ ਦੇ ਲੋਕਾਂ ਮੁਤਾਬਕ ਅਮਰਜੀਤ ਨਸ਼ੇ ਦਾ ਆਦੀ ਸੀ, ਜੋ ਆਪਣੀ ਪਤਨੀ ਨੂੰ ਸ਼ਰਾਬ ਪੀ ਕੇ ਤੰਗ ਪ੍ਰੇਸ਼ਾਨ ਕਰਦਾ ਸੀ, ਜਦਕਿ ਅਮਰਜੀਤ ਨੇ ਆਪਣੀ ਧੀ ਅਤੇ ਪਤਨੀ ਦਾ ਕਤਲ ਕਰਨ ਤੋਂ ਬਾਅਦ ਆਪਣੇ 10 ਸਾਲਾਂ ਪੁੱਤਰ ਲਖਵਿੰਦਰ ਸਿੰਘ ਨੂੰ ਵੀ ਮਾਰਨ ਦੀ ਕੋਸ਼ਿਸ਼ ਕੀਤੀ। ਪਰ ਉਸ ਨੇ ਘਰੋਂ ਭੱਜ ਕੇ ਆਪਣੀ ਜਾਨ ਬਚਾਈ।
ਵੀਡੀਓ ਲਈ ਕਲਿੱਕ ਕਰੋ -: