ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਨੇ ਸੱਤਾ ਸੰਭਾਲਦਿਆਂ ਹੀ ਸੂਬੇ ਵਿਚੋਂ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦਾ ਬੀੜਾ ਚੁੱਕਿਆ ਸੀ ਤੇ ਇਸ ਲਈ ਆਏ ਦਿਨ ਵਿਜੀਲੈਂਸ ਵੱਲੋਂ ਸ਼ਿਕਾਇਤ ਮਿਲਣ ‘ਤੇ ਛਾਪੇ ਮਾਰੇ ਜਾਂਦੇ ਹਨ। ਅਜਿਹਾ ਹੀ ਇਕ ਮਾਮਲਾ ਜ਼ਿਲ੍ਹਾ ਜਲੰਧਰ ਤੋਂ ਸਾਹਮਣੇ ਆਇਆ ਹੈ, ਜਿਥੇ ਜੂਨੀਅਰ ਇੰਜੀਨੀਅਰ ਸ਼ਾਮ ਸਿੰਘ ਨੂੰ ਬਿਜਲੀ ਦਾ ਟਰਾਂਸਫਾਰਮਰ ਲਗਾਉਣ ਬਦਲੇ 10,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ।
ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਤਰਲੋਚਨ ਸਿੰਘ ਵਾਸੀ ਪਿੰਡ ਸਰਮਸਤਪੁਰ, ਜ਼ਿਲ੍ਹਾ ਜਲੰਧਰ ਦੀ ਸ਼ਿਕਾਇਤ ’ਤੇ ਮੁਲਜ਼ਮ ਸ਼ਾਮ ਸਿੰਘ ਜੇ.ਈ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚਕੇ ਦੋਸ਼ ਲਗਾਇਆ ਸੀ ਕਿ ਉਹ ਇੱਕ ਛੋਟਾ ਕਿਸਾਨ ਹੈ ਅਤੇ ਉਸਨੇ ਆਪਣੇ ਟਿਊਬਵੈੱਲ ਲਈ ਖੇਤੀ ਵਾਲੀ ਬਿਜਲੀ ਸਪਲਾਈ ਵਾਲੇ ਵਿਅਕਤੀਗਤ ਟਰਾਂਸਫਾਰਮਰ ਲਈ ਅਰਜ਼ੀ ਦਿੱਤੀ ਹੋਈ ਹੈ। ਜੇ.ਈ. ਨੇ ਪੀ.ਐਸ.ਪੀ.ਸੀ.ਐਲ. ਵੱਲੋਂ ਉਸ ਨੂੰ ਟਰਾਂਸਫਾਰਮਰ ਲਗਾਉਣ ਦਾ ਦਿੱਤਾ ਕੰਮ ਪਹਿਲਾਂ ਹੀ ਪੂਰਾ ਕਰ ਲਿਆ ਸੀ ਪਰ ਉਸ ਨੇ 15,000 ਰੁਪਏ ਰਿਸ਼ਵਤ ਦੀ ਮੰਗ ਕੀਤੀ ਅਤੇ ਸੌਦਾ 10,000 ਰੁਪਏ ਵਿੱਚ ਤੈਅ ਹੋਇਆ।
ਇਹ ਵੀ ਪੜ੍ਹੋ : ਗੁਜਰਾਤ ‘ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੁਣ ਤੱਕ 29 ਦੀ ਮੌਤ, ਮੁੱਖ ਦੋਸ਼ੀ ਸਣੇ 14 ਗ੍ਰਿਫਤਾਰ
ਸ਼ਿਕਾਇਤ ਮਿਲਣ ਤੋਂ ਬਾਅਦ ਜਾਂਚ ਕੀਤੀ ਗਈ ਤਾਂ ਦੋਸ਼ੀ ਨੂੰ ਸ਼ਿਕਾਇਤਕਰਤਾ ਤੋਂ 10,000 ਦੀ ਰਿਸ਼ਵਤ ਲੈਂਦਿਆਂ ਮੌਕੇ ‘ਤੇ ਹੀ ਕਾਬੂ ਕਰ ਲਿਆ ਗਿਆ। ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਉਸ ਦੀ ਜੇਬ ਵਿੱਚੋਂ ਪੈਸਾ ਬਰਾਮਦ ਕੀਤਾ ਗਿਆ।ਉਨ੍ਹਾਂ ਦੱਸਿਆ ਕਿ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਥਾਣਾ ਵੀਬੀ ਜਲੰਧਰ ਵਿਖੇ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: