ਚੰਡੀਗੜ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਵਿੱਚ ਭ੍ਰਿਸ਼ਟਾਚਾਰ ਖਿਲਾਫ ਜ਼ੀਰੋ ਟੈਲਰੈਂਸ ਨੀਤੀ ਅਪਣਾਈ ਗਈ ਹੈ, ਇਸ ਦੇ ਅਧੀਨ ਵਿਜੀਲੈਂਸ ਬਿਊਰੋ ਨੇ ਵੀਰਵਾਰ ਨੂੰ ਬੀ.ਡੀ.ਪੀ.ਓ ਦਫਤਰ ਜਲਾਲਾਬਾਦ, ਫਾਜ਼ਿਲਕਾ ਵਿਖੇ ਤਾਇਨਾਤ ਜੂਨੀਅਰ ਇੰਜੀਨੀਅਰ, ਮਹਾਤਮਾ ਗਾਂਧੀ ਨੈਸ਼ਨਲ ਪੇਂਡੂ ਰੋਜਗਾਰ ਗਾਰੰਟੀ ਕਾਨੂੰਨ (ਮਨਰੇਗਾ) ਨੂੰ 25,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ।
ਪੰਜਾਬ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੁਖਜਿੰਦਰ ਸਿੰਘ ਵਾਸੀ ਪਿੰਡ ਚੱਕ ਰੋੜਾਂਵਾਲੀ (ਤੰਬੂਵਾਲਾ) ਜਲਾਲਾਬਾਦ ਨੇ ਦੋਸ਼ੀ ਜੂਨੀਅਰ ਇੰਜੀਨੀਅਰ (ਜੇ.ਈ.) ਮਨਰੇਗਾ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਤੋਂ ਬਾਅਦ ਇਸ ‘ਤੇ ਕਾਰਵਾਈ ਕਰਦੇ ਹੋਏ ਜੇਈ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਵਿਖੇ ਦਰਜ ਸ਼ਿਕਾਇਤ ਵਿੱਚ ਦੋਸ਼ ਲਾਇਆ ਕਿ ਉਸ ਨੇ ਕੁਝ ਹੋਰ ਵਿਅਕਤੀਆਂ ਨਾਲ ਮਿਲ ਕੇ ਆਪਣੇ ਪਿੰਡ ਚੱਕ ਰੋੜਾਂਵਾਲੀ ਵਿਖੇ ਪੰਚਾਇਤੀ ਜਮੀਨ ‘ਤੇ ਸਰਕਾਰੀ ਸਕੀਮ ਅਧੀਨ ਜੰਗਲ (ਬੂਟੇ) ਲਗਾਇਆ ਹੈ ਪਰ ਜੇਈ ਸੁਵਰਸਾ ਉਸ ਜਮੀਨ ਦੀ ਮਿਣਤੀ ਤੋਂ ਬਾਅਦ ਭੁਗਤਾਨ ਲਈ ਉਸ ਦਾ ਕੇਸ ਭੇਜਣ ਬਦਲੇ 50,000 ਰੁਪਏ ਰਿਸ਼ਵਤ ਦੀ ਮੰਗ ਰਹੀ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਗੱਲਬਾਤ ਤੋਂ ਬਾਅਦ ਜੇਈ ਨੂੰ ਦੋ ਕਿਸ਼ਤਾਂ ਵਿੱਚ 45,000 ਰੁਪਏ ਦੇਣ ਦੀ ਗੱਲ ਹੋਈ।
ਇਹ ਵੀ ਪੜ੍ਹੋ : CWG ‘ਚ ਖਿਡਾਰੀਆਂ ਦੀ ਜਿੱਤ ਤੋਂ ਖੁਸ਼ ਮਾਨ ਸਰਕਾਰ, ਬਿਨਾਂ ਟੈਸਟ ਦੇਵੇਗੀ ਸਰਕਾਰੀ ਨੌਕਰੀ
ਸ਼ਿਕਾਇਤ ਵਿੱਚ ਦਰਜ ਤੱਥਾਂ ਦੀ ਪੜਤਾਲ ਕਰਨ ਤੋਂ ਬਾਅਦ ਵਿਜੀਲੈਂਸ ਬਿਊਰੋ ਦੀ ਟੀਮ ਨੇ ਜੇਈ ਸੁਵਰਸ਼ਾ ਨੂੰ ਸ਼ਿਕਾਇਤਕਰਤਾ ਤੋਂ ਪਹਿਲੀ ਕਿਸ਼ਤ ਵਜੋਂ 25,000 ਰੁਪਏ ਦੀ ਰਿਸ਼ਵਤ ਲੈਂਦਿਆਂ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿੱਚ ਰੰਗੇ ਹੱਥੀਂ ਕਾਬੂ ਕਰ ਲਿਆ। ਇਸ ਸਬੰਧੀ ਮੁਕੱਦਮਾ ਨੰਬਰ 13 ਮਿਤੀ 04.08.2022 ਨੂੰ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਤਹਿਤ ਵਿਜੀਲੈਂਸ ਬਿਓਰੋ ਦੇ ਥਾਣਾ ਫਿਰੋਜਪੁਰ ਵਿਖੇ ਦਰਜ ਕਰ ਲਿਆ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: