ਪੰਜਾਬ ਵਿਜੀਲੈਂਸ ਬਿਊਰੋ ਨੇ ਰੀਜਨਲ ਟਰਾਂਸਪੋਰਟ ਅਥਾਰਟੀ ਦਫਤਰ ਸੰਗਰੂਰ ਵਿਚ ਵੱਡੇ ਘਪਲੇ ਦਾ ਪਰਦਾਫਾਸ਼ ਕੀਤਾ ਹੈ। ਆਰਟੀਏ, ਮੋਟਰ ਵ੍ਹੀਕਲ ਇੰਸਪੈਕਟਰ ਤੇ ਦੋ ਕਲਰਕਾਂ ਖਿਲਾਫ ਅਪਰਾਧਿਕ ਮਾਮਲਾ ਦਰਜ ਕਰ ਲਿਆ ਹੈ। ਮਾਮਲੇ ਵਿਚ ਵਿਜੀਲੈਂਸ ਨੇ ਦਫਤਰ ਦੇ ਦੋ ਮੁਲਾਜ਼ਮਾਂ ਤੇ ਇਕ ਵਿਚੌਲੀਏ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ।
ਵਿਜੀਲੈਂਸ ਦੇ ਬੁਲਾਰੇ ਨੇ ਦੱਸਿਆ ਕਿ ਘਪਲੇ ਵਿਚ ਆਰਟੀਏ ਸੰਗਰੂਰ, ਮੋਟਰ ਵ੍ਹੀਕਲ ਇੰਸਪੈਕਟਰ ਉਨ੍ਹਾਂ ਦੇ ਸਟਾਫ ਤੇ ਪ੍ਰਾਈਵੇਟ ਵਿਅਕਤੀਆਂ ਦੀ ਸ਼ਮੂਲੀਅਤ ਸਾਹਮਣੇ ਆਈ ਹੈ, ਜੋ ਸਰਕਾਰ ਦੇ ਤੈਅ ਨਿਯਮਾਂ ਦਾ ਪਾਲਣ ਕਰਨ ਦੀ ਬਜਾਏ ਇਕ-ਦੂਜੇ ਨਾਲ ਮਿਲ ਕੇ ਵੱਖ-ਵੱਖ ਕਿਸਮਾਂ ਦੇ ਵਾਹਨਾਂ ਨੂੰ ਫਿਟਨੈੱਸ ਸਰਟੀਫਿਕੇਟ ਜਾਰੀ ਕਰਨ ਦੇ ਬਦਲੇ ਪੰਜਾਬ ਵਿਚ ਕੰਮ ਕਰ ਰਹੇ ਵੱਖ-ਵੱਖ ਏਜੰਟਾਂ ਤੋਂ ਰਿਸ਼ਵਤ ਲੈਂਦੇ ਸਨ।
ਵਿਜੀਲੈਂਸ ਮੁਤਾਬਕ ਟਰਾਂਸਪੋਰਟ ਵਿਭਾਗ ਦੇ ਨਿਯਮਾਂ ਮੁਤਾਬਕ ਸਾਰੇ ਵਪਾਰਕ ਵਾਹਨਾਂ ਨੂੰ ਸੜਕਾਂ ‘ਤੇ ਚੱਲਣ ਲਈ ਆਰਟੀਏ ਦਫਤਰ ਤੋਂ ਫਿਟਨੈੱਸ ਸਰਟੀਫਿਕੇਟ ਲੈਣਾ ਪੈਂਦਾ ਹੈ। ਅਜਿਹੇ ਸਾਰੇ ਵਾਹਨਾਂ ਦਾ ਦਸਤਾਵੇਜ਼ਾਂ ਸਣੇ ਮੋਟਰ ਵ੍ਹੀਕਲ ਇੰਸਪੈਕਟਰ ਦੁਆਰਾ ਆਪਣੇ ਦਫਤਰ ਤੋਂ ਮੌਕੇ ‘ਤੇ ਹੀ ਨਿਰੀਖਣ ਕਰਨਾ ਹੁੰਦਾ ਹੈ।
ਇਹ ਅਧਿਕਾਰੀ ਏਜੰਟਾਂ ਤੇ ਵਿਚੌਲੀਏ ਦੀ ਮਿਲੀਭੁਗਤ ਨਾਲ ਵਾਹਨਾਂ ਨੂੰ ਫਿਜ਼ੀਕਲ ਵੈਰੀਫਿਕੇਸ਼ਨ ਕੀਤੇ ਬਿਨਾਂ ਹੀ ਮਾਡਲ ਦੇ ਹਿਸਾਬ ਨਾਲ 2800 ਰੁਪਏ ਤੋਂ ਲੈ ਕੇ 1000 ਰੁਪਏ ਪ੍ਰਤੀ ਵਾਹਨ ਰਿਸ਼ਵਤ ਦੇ ਤੌਰ ‘ਤੇ ਲੈਂਦੇ ਸਨ ਤੇ ਫਿਰ ਫਿਟਨੈੱਸ ਸਰਟੀਫਿਕੇਟ ਜਾਰੀ ਕਰ ਦਿੰਦੇ ਸਨ। ਇਸ ਸਬੰਧੀ ਸ਼ਿਕਾਇਤਾਂ ਮਿਲਣ ਦੇ ਬਾਅਦ ਵਿਜੀਲੈਂਸ ਦੀ ਟੀਮ ਨੇ ਮੋਟਰ ਵ੍ਹੀਕਲ ਇੰਸਪੈਕਟਰ ਸੰਗਰੂਰ ਦੇ ਦਫਤਰ ਦੀ ਜਾਂਚ ਕੀਤੀ।
ਮੌਕੇ ‘ਤੇ ਹੀ ਤਿੰਨ ਦੋਸ਼ੀਆਂ ਨੂੰ ਕਾਬੂ ਕਰ ਲਿਆ ਗਿਆ ਜਿਨ੍ਹਾਂ ਵਿਚ ਏਜੰਟ ਧਰਮਿੰਦਰ ਪਾਲ ਉਰਫ ਬੰਟੀ ਨਿਵਾਸੀ ਸੰਗਰੂਰ ਕਲਰਕ ਗੁਰਚਰਨ ਸਿੰਘ ਤੇ ਡਾਟਾ ਐਂਟਰੀ ਆਪ੍ਰੇਟਰ ਜਗਸੀਰ ਸਿੰਘ ਸ਼ਾਮਲ ਹਨ। 40 ਹਜ਼ਾਰ ਰੁਪਏ ਦੀ ਰਿਸ਼ਵਤ ਦੀ ਰਕਮ ਤੇ ਘੋਟਾਲੇ ਨਾਲ ਸਬੰਧਤ ਕਈ ਦਸਤਾਵੇਜ਼ ਵੀ ਬਰਾਮਦ ਕੀਤੇ ਗਏ। ਮਾਮਲੇ ਵਿਚ ਆਰਟੀਏ ਰਵਿੰਦਰ ਸਿੰਘ ਗਿੱਲ, ਮੋਟਰ ਵ੍ਹੀਕਲ ਇੰਸਪੈਕਟਰ ਮਹਿੰਦਰਪਾਲ, ਕਲਰਕ ਗੁਰਚਰਨ ਸਿੰਘ, ਡਾਟਾ ਐਂਟਰੀ ਆਪ੍ਰੇਟਰ ਜਗਸੀਰ ਸਿੰਘ, ਵਿਚੌਲੀਏ ਧਰਮਿੰਦਰਪਾਲ ਉਰਫ ਬੰਟੀ ਤੇ ਸੁਖਵਿੰਦਰ ਸੁੱਖੀ ਤੇ ਹੋਰ ਏਜੰਟਾਂ ਖਿਲਾਫ ਵਿਜੀਲੈਂਸ ਥਾਣਾ ਪਟਿਆਲਾ ਵਿਚ ਕੇਸ ਦਰਜ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
“Fastway ਤੋਂ 3 ਕਰੋੜ ਮੰਗਦਾ ਸੀ GST ਇੰਸਪੈਕਟਰ! ਹੁਣ ਹੱਥਾਂ ‘ਚ ਹੱਥਕੜੀਆਂ ਨੇ, Sting ਓਪਰੇਸ਼ਨ ਨੇ ਲਿਆਂਦਾ “
ਪਿਛਲੇ 8 ਸਾਲਾਂ ਤੋਂ ਇਹ ਸਾਰਾ ਕੰਮ ਚੱਲ ਰਿਹਾ ਸੀ ਤੇ ਹਰ ਮਹੀਨੇ 2000-2500 ਵਾਹਨਾਂ ਨੂੰ ਫਿਟਨੈੱਸ ਸਰਟੀਫਿਕੇਟ ਜਾਰੀ ਕੀਤੇ ਜਾਂਦੇ ਸਨ। ਇਸ ਦੌਰਾਨ ਦੋਸ਼ੀ ਰਿਸ਼ਵਤ ਦੇ ਤੌਰ ‘ਤੇ ਵੱਡੀ ਰਕਮ ਵਸੂਲਦੇ ਸਨ। ਮਾਮਲੇ ਵਿਚ ਫਿਲਹਾਲ ਜਾਂਚ ਜਾਰੀ ਹੈ ਤੇ ਹੋਰ ਅਧਿਕਾਰੀਆਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ।