ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਟੈਕਸ ਡਿਫਾਲਟਰਾਂ ਵਿਰੁੱਧ ਸੂਬਾ ਸਰਕਾਰ ਦੀ ਕਾਰਵਾਈ ਅਤੇ ਭ੍ਰਿਸ਼ਟਾਚਾਰ ਦੇ ਖਾਤਮੇ ਲਈ ਕੀਤੇ ਜਾ ਰਹੇ ਯਤਨਾਂ ਸਦਕਾ ਟਰਾਂਸਪੋਰਟ ਵਿਭਾਗ ਨੇ ਪੰਜ ਮਹੀਨਿਆਂ ਤੋਂ ਵੀ ਘੱਟ ਸਮੇਂ ਵਿੱਚ 1008 ਕਰੋੜ ਰੁਪਏ ਤੋਂ ਵੱਧ ਦੀ ਵਸੂਲੀ ਕੀਤੀ ਹੈ । ਇਹ ਜਾਣਕਾਰੀ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦਿੱਤੀ। ਉਨ੍ਹਾਂ ਕਿਹਾ ਕਿ ਇਹ ਮਾਲੀਆ ਪਿਛਲੇ ਸਾਲ ਨਾਲੋਂ 332 ਕਰੋੜ ਰੁਪਏ ਵੱਧ ਹੈ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਦਫ਼ਤਰ ਸਟੇਟ ਟਰਾਂਸਪੋਰਟ ਕਮਿਸ਼ਨਰ ਨੂੰ 1 ਅਪ੍ਰੈਲ, 2022 ਤੋਂ 29 ਅਗਸਤ, 2022 ਦਰਮਿਆਨ ਵੱਖ-ਵੱਖ ਟੈਕਸਾਂ ਤੋਂ 1008.41 ਕਰੋੜ ਰੁਪਏ ਦੀ ਆਮਦਨ ਹੋਈ ਹੈ ਜਿਸ ਵਿੱਚੋਂ ਵੱਡਾ ਹਿੱਸਾ 871.36 ਕਰੋੜ ਰੁਪਏ ਟੈਕਸ ਅਤੇ ਫ਼ੀਸਾਂ ਆਦਿ ਤੋਂ ਪ੍ਰਾਪਤ ਹੋਇਆ ਹੈ ਜਦਕਿ 75.10 ਕਰੋੜ ਰੁਪਏ ਸਮਾਜਿਕ ਸੁਰੱਖਿਆ ਸੈੱਸ, 18.45 ਕਰੋੜ ਰੁਪਏ ਕੰਪਾਊਂਡਿੰਗ ਫ਼ੀਸ ਅਤੇ 43.50 ਕਰੋੜ ਰੁਪਏ ਪੰਜਾਬ ਸਟੇਟ ਟਰਾਂਸਪੋਰਟ ਸੁਸਾਇਟੀ (ਪੀ.ਐਸ.ਟੀ.ਐਸ) ਤੋਂ ਪ੍ਰਾਪਤ ਹੋਏ ਹਨ।
ਉਨ੍ਹਾਂ ਨੇ ਦੱਸਿਆ ਕਿ ਵਿਭਾਗ ਨੇ ਪਿਛਲੇ ਸਾਲ ਦੀ ਇਸੇ ਮਿਆਦ ਦੌਰਾਨ 676.68 ਕਰੋੜ ਰੁਪਏ ਦੀ ਵਸੂਲੀ ਕੀਤੀ ਸੀ, ਜਿਸ ਵਿੱਚ ਮਾਨ ਸਰਕਾਰ ਦੇ ਉਸਾਰੂ ਅਤੇ ਠੋਸ ਯਤਨਾਂ ਸਦਕਾ ਹੁਣ ਕਰੀਬ 331.73 ਕਰੋੜ ਰੁਪਏ ਦਾ ਵਾਧਾ ਦਰਜ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
“ਸਿੱਖ ਗੱਭਰੂ ਨੇ ਫੱਟੇ ਚੱਕ’ਤੇ ! ਕੈਨੇਡਾ ਦੀ Top University ਤੋਂ ਮਿਲੀ 2 ਕਰੋੜ ਦੀ ਸਕਾਲਰਸ਼ਿਪ ! ਪੁੱਤ ‘ਤੇ ਮਾਣ ਕਰਦੇ ਨੇ ਮਾਪੇ ! “
ਕੈਬਨਿਟ ਮੰਤਰੀ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਸੂਬਾ ਸਰਕਾਰ ਨੇ 6 ਮਈ ਤੋਂ 5 ਅਗਸਤ, 2022 ਦੀ ਮਿਆਦ ਲਈ ਐਨਮੈਨਸਟੀ ਸਕੀਮ ਤਹਿਤ 38.93 ਕਰੋੜ ਰੁਪਏ ਦੀ ਵਸੂਲੀ ਕੀਤੀ ਹੈ ਅਤੇ ਬਕਾਏ ਦੀ ਇਹ ਰਕਮ ਪਿਛਲੇ ਕਾਫ਼ੀ ਸਮੇਂ ਤੋਂ ਡਿਫਾਲਟਰਾਂ ਕੋਲ ਬਕਾਇਆ ਪਈ ਸੀ।
ਉਨ੍ਹਾਂ ਕਿਹਾ ਕਿ ਪੁਰਾਣੇ ਵਾਹਨਾਂ ਦੇ ਫਿਟਨੈਸ ਸਰਟੀਫਿਕੇਟ ਜਾਰੀ ਕਰਨ ਅਤੇ ਪਾਸਿੰਗ ਨਾਲ ਸਬੰਧਤ ਕੰਮ ਨੂੰ ਤੇਜ਼ੀ ਨਾਲ ਨਿਪਟਾਉਣ ਲਈ ਹਾਲ ਹੀ ਵਿੱਚ ਸੂਬੇ ਵਿੱਚ ਮੋਟਰ ਵਹੀਕਲ ਇੰਸਪੈਕਟਰਾਂ (ਐਮ.ਵੀ.ਆਈ.) ਦੀਆਂ ਸਾਰੀਆਂ 11 ਅਸਾਮੀਆਂ ਭਰੀਆਂ ਗਈਆਂ ਹਨ, ਜਿਸ ਨਾਲ ਲੋਕਾਂ ਨੂੰ ਸੇਵਾਵਾਂ ਜਲਦੀ ਮੁਹੱਈਆ ਕਰਵਾਉਣਾ ਯਕੀਨੀ ਹੋਵੇਗਾ।