ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਵਿਚ ਸਿੱਖ ਕੁੜੀ ਦੀਨਾ ਕੌਰ ਦੀ ਕਿਡਨੈਪਿੰਗ ਦੇ ਬਾਅਦ ਵਿਆਹ ਮਾਮਲੇ ਵਿਚ ਨਵਾਂ ਮੋੜ ਆ ਗਿਆ ਹੈ। ਪਾਕਿਸਤਾਨ ਦੇ ਸੂਬੇ ਬੁਨੀਰ ਦੀ ਡਿਸਟ੍ਰਿਕਟ ਕੋਰਟ ਵਿਚ ਦੀਨਾ ਕੌਰ ਨੂੰ ਮੁਸਲਿਮ ਨੌਜਵਾਨ ਹਿਜਬੁਲਾ ਨਾਲ ਰਵਾਨਾ ਕਰ ਦਿੱਤਾ ਗਿਆ ਹੈ ਜਿਸ ਦੇ ਬਾਅਦ ਦੀਨਾ ਕੋਰ ਦੇ ਪਿਤਾ ਨੇ ਸਥਾਨਕ ਪੁਲਿਸ ‘ਤੇ ਉਨ੍ਹਾਂ ਨੂੰ ਗੁੰਮਰਾਹ ਕਰਨ ਦੇ ਦੋਸ਼ ਲਗਾਏ ਹਨ।
ਪਿਛਲੇ ਸ਼ਨੀਵਾਰ ਨੂੰ ਗੌਰਚਰਨ ਸਿੰਘ ਨੇ ਦੋਸ਼ ਲਗਾਇਆ ਸੀ ਕਿ ਉਨ੍ਹਾਂ ਦੀ ਧੀ ਦੀਨਾ ਕੌਰ ਨੂੰ ਸਥਾਨਕ ਨੌਜਵਾਨ ਅਗਵਾ ਕਰਕੇ ਲੈ ਗਿਆ ਹੈ। ਜ਼ਬਰਦਸਤੀ ਇਸਲਾਮ ਕਬੂਲ ਕਰਵਾ ਕੇ ਨਿਕਾਹ ਵੀ ਕਰ ਲਿਆ ਹੈ। ਇਸ ਦੇ ਬਾਅਦ ਸਿੱਖ ਭਾਈਚਾਰੇ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਦਿੱਲੀ ਵਿਚ ਮਨਜਿੰਦਰ ਸਿੰਘ ਸਿਰਸਾ ਨੇ ਵੀ ਭਾਰਤ ਵਿਚ ਵਿਦੇਸ਼ ਮੰਤਰਾਲੇ ਨੂੰ ਮੰਗ ਪੱਤਰ ਸੌਂਪਿਆ। ਮਾਮਲਾ ਭੜਕਦਾ ਦੇਖ ਅਗਲੇ ਹੀ ਦਿਨ ਦੀਨਾ ਕੌਰ ਨੂੰ ਲੱਭ ਕੇ ਮਹਿਲਾ ਨਿਵਾਸ ਭੇਜ ਦਿੱਤਾ ਗਿਆ ਤੇ ਹਿਜਬੁੱਲਾ ਨੂੰ ਜੇਲ੍ਹ ਭੇਜ ਦਿੱਤਾ ਗਿਆ।
ਮਾਮਲਾ ਕਾਬਲ ਸੂਬੇ ਦੇ ਜੁਡੀਸ਼ੀਅਲ ਮੈਜਿਸਟਰੇਟ ਦੇ ਜੱਜ ਅਮਜਿਦ ਉੱਲਾ ਦੀ ਅਦਾਲਤ ਵਿੱਚ ਪਹੁੰਚਿਆ, ਜਿੱਥੇ ਦੀਨਾ ਦਾ ਹਲਫ਼ਨਾਮਾ ਪੇਸ਼ ਕੀਤਾ ਗਿਆ। ਇਸ ਵਿੱਚ ਦੀਨਾ ਕੌਰ ਨੇ ਇਸ ਗੱਲ ਤੋਂ ਸਾਫ਼ ਇਨਕਾਰ ਕੀਤਾ ਕਿ ਉਸ ਨਾਲ ਜ਼ਬਰਦਸਤੀ ਨਹੀਂ ਕੀਤੀ ਗਈ। ਉਹ ਬਾਲਗ ਹੈ ਅਤੇ ਖੁਦ ਹਿਜ਼ਬੁੱਲਾ ਦੇ ਨਾਲ ਗਈ ਹੈ। ਅਦਾਲਤ ਵਿੱਚ ਉਸ ਨੂੰ ਹਿਜ਼ਬੁੱਲਾ ਸਮੇਤ ਭੇਜਣ ਦੀ ਮੰਗ ਵੀ ਕੀਤੀ।
ਦੀਨਾ ਕੌਰ ਵੱਲੋਂ ਅਦਾਲਤ ਵਿੱਚ ਪੇਸ਼ ਕੀਤੇ ਹਲਫ਼ਨਾਮੇ ਵਿੱਚ ਉਸ ਨੇ ਮੰਨਿਆ ਕਿ ਹੁਣ ਉਸ ਨੇ ਇਸਲਾਮ ਕਬੂਲ ਕਰ ਲਿਆ ਹੈ। ਹੁਣ ਉਸ ਦਾ ਨਵਾਂ ਨਾਂ ਦੀਨਾ ਕੌਰ ਨਹੀਂ, ਸਿਰਫ਼ ਦੀਨਾ ਹੈ। ਇਸ ਤੋਂ ਬਾਅਦ ਅਦਾਲਤ ਨੇ ਉਸ ਨੂੰ ਹਿਜ਼ਬੁੱਲਾ ਦੇ ਨਾਲ ਭੇਜ ਦਿੱਤਾ। ਦੋਵਾਂ ਦੇ ਵਿਆਹ ਨੂੰ ਵੀ ਸਹੀ ਕਰਾਰ ਦਿੱਤਾ ਗਿਆ। ਅਦਾਲਤ ਨੇ ਦੀਨਾ ਦੀ ਰੱਖਿਆ ਦੇ ਨਾਂ ‘ਤੇ ਹਿਜ਼ਬੁੱਲਾ ਤੋਂ 15 ਲੱਖ ਰੁਪਏ ਦੇ ਸੁਰੱਖਿਆ ਬਾਂਡ ਵੀ ਜਮ੍ਹਾ ਕਰਵਾਏ ਹਨ।
ਇਹ ਵੀ ਪੜ੍ਹੋ : ਪੰਜਾਬ ‘ਚ DGP ਦੀ ਕੁਰਸੀ ਲਈ ‘ਜੰਗ’: ਭਾਵਰਾ ਕਰ ਰਹੇ ਵਾਪਸੀ, ਹਟਾਉਣ ਲਈ ਕਾਨੂੰਨੀ ਰਾਏ ਲੈ ਰਹੀ ਸਰਕਾਰ
ਇਸ ਪੂਰੀ ਘਟਨਾ ਦੇ ਬਾਅਦ ਦੀਨਾ ਦੇ ਪਿਤਾ ਗੌਰਚਰਨ ਸਿੰਘ ਨੇ ਇਕ ਵਾਰ ਫਿਰ ਸਥਾਨਕ ਪੁਲਿਸ ‘ਤੇ ਉਨ੍ਹਾਂ ਨੂੰ ਗੁੰਮਰਾਹ ਕਰਨ ਦੇ ਦੋਸ਼ ਲਗਾਏ ਹਨ। ਉੁਨ੍ਹਾਂ ਦਾ ਕਹਿਣਾ ਹੈ ਕਿ ਪੁਲਿਸ ਨੇ ਉਨ੍ਹਾਂ ਨੂੰ ਕੋਰਟ ਬਾਰੇ ਸਹੀ ਜਾਣਕਾਰੀ ਨਹੀਂ ਦਿੱਤੀ। ਪੁਲਿਸ ਨੇ ਉਨ੍ਹਾਂ ਨੂੰ ਗੁੰਮਰਾਹ ਕਰਨ ਲਈ ਬਨੂਰ ਕੋਰਟ ਵਿਚ ਮਾਮਲਾ ਹੋਣ ਦੀ ਗੱਲ ਕਹੀ ਪਰ ਇਸ ਮਾਮਲੇ ਦੀ ਸੁਣਵਾਈ ਕਾਬਲ ਸਵਾਤ ਕੋਰਟ ਵਿਚ ਹੋਈ।
ਵੀਡੀਓ ਲਈ ਕਲਿੱਕ ਕਰੋ -: