ਪੰਜਾਬ ਵਿਚ ਕਾਰ ਸਪੁਰਦਗੀ ਦੇ ਬਦਲੇ 13 ਹਜ਼ਾਰ ਦੀ ਰਿਸ਼ਵਤ ਲੈਣ ਵਾਲੇ ਅਸਿਸਟੈਂਟ ਸਬ-ਇੰਸਪੈਕਟਰ ਬਲਵਿੰਦਰ ਸਿੰਘ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਇਹ ਏਐੱਸਆਈ ਫਿਰੋਜ਼ਪੁਰ ਦੇ ਥਾਣਾ ਮੱਲਾਂਵਾਲਾ ਵਿਚ ਤਾਇਨਾਤ ਹੈ। ਲੜਾਈ-ਝਗੜੇ ਦੇ ਮਾਮਲੇ ਵਿਚ ਉਸ ਨੇ ਕਾਰ ਸਪੁਰਦਗੀ ਦੇਣ ਦੇ ਬਦਲੇ ਇਹ ਰਿਸ਼ਵਤ ਮੰਗੀ ਸੀ।
ਰਿਸ਼ਵਤ ਦੇਣ ਵਾਲਿਆਂ ਨੇ ਏਐੱਸਆਈ ਦਾ ਸਟਿੰਗ ਆਪ੍ਰੇਸ਼ਨ ਕਰਦੇ ਹੋਏ ਵੀਡੀਓ ਬਣਾ ਲਿਆ। ਹੁਣ ਇਸ ਦਾ ਵੀਡੀਓ ਸਾਹਮਣੇ ਆਉਣ ਦੇ ਬਾਅਦ ਏਐੱਸਆਈ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਉਸ ਖਿਲਾਫ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਕਾਮਨ ਵਾਲਾ ਦੇ ਰਹਿਣ ਵਾਲੇ ਕਿਸ਼ਨ ਸਿੰਘ ਨੇ ਦੱਸਿਆ ਕਿ 22 ਨਵੰਬਰ 2021 ਨੂੰ ਉਸ ‘ਤੇ ਲੜਾਈ-ਝਗੜੇ ਦਾ ਕੇਸ ਦਰਜ ਹੋਇਆ ਸੀ ਜਿਸ ਵਿਚ ਉਸ ਦੀ ਕਾਰ ਵੀ ਜ਼ਬਤ ਕਰ ਲਈ ਗਈ। ਜਦੋਂ ਉਹ ਕਾਰ ਦੀ ਸਪੁਰਦਗੀ ਲੈਣ ਲਈ ਥਾਣੇ ਪਹੁੰਚਿਆ ਤਾਂ ਏਐੱਸਆਈ ਬਲਵਿੰਦਰ ਸਿੰਘ ਮਿਲਿਆ। ਪਹਿਲਾਂ ਤਾਂ ਉਹ 2-3 ਦਿਨ ਚੱਕਰ ਕਟਵਾਉਂਦਾ ਰਿਹਾ।
ਫਿਰ 20,000 ਰੁਪਏ ਦੀ ਮੰਗ ਕੀਤੀ ਜਿਸ ਵਿਚੋਂ 10,000 ਆਪਣੇ ਲਈ, 5 ਹਜ਼ਾਰ ਐੱਸਐੱਚਓ ਅਤੇ ਬਾਕੀ ਮੁਨਸ਼ੀ ਲਈ ਮੰਗੇ। ਇਸ ਦੇ ਬਾਅਦ ਕਿਸ਼ਨ ਨੇ ਬਲਵਿੰਦਰ ਨਾਲ ਫੋਨ ‘ਤੇ ਗੱਲਬਾਤ ਕੀਤੀ। ਜਿਸ ਵਿਚ 8,000 ਆਪਣੇ ਲਈ ਅਤੇ 5000 ਐੱਸਐੱਚਓ ਲਈ ਲੈਣ ‘ਤੇ ਰਾਜ਼ੀ ਹੋਇਆ। ਇਸ ਦੀ ਕਾਲ ਰਿਕਾਰਡਿੰਗ ਤੇ ਪੈਸੇ ਦੇਣ ਦੀ ਵੀਡੀਓ ਵੀ ਉਨ੍ਹਾਂ ਨੇ ਰਿਕਾਰਡ ਕਰ ਲਈ। ਇਸ ਦੌਰਾਨ ਏਐੱਸਆਈ ਨੂੰ ਮੋਬਾਈਲ ਨਾਲ ਰਿਕਾਰਡਿੰਗ ਦਾ ਡਰ ਵੀ ਰਿਹਾ ਪਰ ਉਹ ਸ਼ਿਕਾਇਤਕਰਤਾ ਦੀ ਚਾਲਾਕੀ ਨਾਲ ਫਸ ਗਿਆ।
ਕਿਸ਼ਨ ਸਿੰਘ ਨੇ ਦੱਸਿਆ ਕਿ ਉਸ ਨੇ ਕਾਲ ਰਿਕਾਰਡਿੰਗ ਅਤੇ ਵੀਡੀਓ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਨੰਬਰ 9501200200 ‘ਤੇ ਭੇਜ ਦਿੱਤੀ ਹੈ। 22 ਅਗਸਤ ਨੂੰ ਭੇਜਣ ਦੇ ਬਾਵਜੂਦ 12 ਦਿਨ ਤੱਕ ਕੋਈ ਕਾਰਵਾਈ ਨਹੀਂ ਹੋਈ। ਜਿਸ ਕਾਰਨ ਉਸ ਨੇ ਵੀਡੀਓ ਵਾਇਰਲ ਕਰ ਦਿੱਤੀ। ਜਿਸ ਤੋਂ ਬਾਅਦ ਪੁਲਿਸ ਨੂੰ ਕਾਰਵਾਈ ਕਰਨ ਲਈ ਮਜਬੂਰ ਹੋਣਾ ਪਿਆ।
ਵੀਡੀਓ ਲਈ ਕਲਿੱਕ ਕਰੋ -: