ਬਿਆਸ ਵਿਖੇ ਨਿਹੰਗ ਸਿੱਖਾਂ ਅਤੇ ਰਾਧਾ ਸੁਆਮੀ ਡੇਰਾ ਸਮਰਥਕਾਂ ਵਿਚਾਲੇ ਹੋਈ ਝੜਪ ਤੋਂ 24 ਘੰਟੇ ਬਾਅਦ ਪੁਲਿਸ ਨੇ 400 ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ। ਮਾਹੌਲ ਨੂੰ ਸ਼ਾਂਤ ਰੱਖਣ ਲਈ ਪੁਲਿਸ ਨੇ ਇਹ ਵਿਚਕਾਰਲਾ ਰਸਤਾ ਅਖਤਿਆਰ ਕੀਤਾ, ਜਿਸ ਲਈ ਏਡੀਜੀਪੀ ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਖ਼ੁਦ ਅੰਮ੍ਰਿਤਸਰ ਪੁੱਜੇ।
ਮਿਲੀ ਜਾਣਕਾਰੀ ਮੁਤਾਬਕ ਪੰਜਾਬ ਪੁਲਿਸ ਐਤਵਾਰ ਸ਼ਾਮ ਤੋਂ ਹੀ ਦੋਵਾਂ ਧਿਰਾਂ ਨੂੰ ਇੱਕ ਦੂਜੇ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕਰ ਰਹੀ ਸੀ। ਹਾਲਾਂਕਿ ਐਫਆਈਆਰ ਕਿਸ ਦੀ ਸ਼ਿਕਾਇਤ ‘ਤੇ ਕਿਸ ‘ਤੇ ਦਰਜ ਕੀਤੀ ਜਾਵੇ, ਪੁਲਿਸ ਲਈ ਇਹ ਸਿਰਦਰਦੀ ਬਣੀ ਹੋਈ ਹੈ।
ਏਡੀਜੀਪੀ ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਸੋਮਵਾਰ ਨੂੰ ਅੰਮ੍ਰਿਤਸਰ ਪੁੱਜੇ ਅਤੇ ਦੋਵਾਂ ਧਿਰਾਂ ਨਾਲ ਗੱਲਬਾਤ ਕੀਤੀ, ਜਿਸ ਤੋਂ ਬਾਅਦ ਵਿਚਕਾਰਲਾ ਰਸਤਾ ਅਪਣਾਇਆ ਗਿਆ। ਸ਼ੁਰੂਆਤੀ ਜਾਂਚ ਤੋਂ ਬਾਅਦ ਹੀ ਅਰਪਿਤ ਸ਼ੁਕਲਾ ਨੇ ਦੱਸਿਆ ਕਿ ਇਹ ਝਗੜਾ ਪਸ਼ੂਆਂ ਨੂੰ ਚਰਾਉਣ ਨੂੰ ਲੈ ਕੇ ਨਹੀਂ, ਸਗੋਂ ਜ਼ਮੀਨੀ ਵਿਵਾਦ ਦਾ ਸੀ।
ਅੰਮ੍ਰਿਤਸਰ ਪੁਲਿਸ ਲਈ ਦੋਵਾਂ ਧਿਰਾਂ ਵਿਚਾਲੇ ਸ਼ਾਂਤੀ ਬਣਾਈ ਰੱਖਣਾ ਚੁਣੌਤੀ ਬਣ ਰਿਹਾ ਸੀ। ਪਹਿਲਾਂ ਦੋਵਾਂ ਧਿਰਾਂ ਦੇ ਬਿਆਨਾਂ ਦੇ ਆਧਾਰ ’ਤੇ ਹੀ ਕਰਾਸ ਪਰਚਾ ਦਰਜ ਕਰਨ ਬਾਰੇ ਵਿਚਾਰ ਕੀਤਾ ਗਿਆ ਸੀ, ਪਰ ਇਸ ਨਾਲ ਵੀ ਦੋਵਾਂ ਧਿਰਾਂ ਵਿੱਚ ਹੋਰ ਤਕਰਾਰ ਹੋਣ ਦਾ ਡਰ ਬਣਿਆ ਹੋਇਆ ਸੀ, ਜਿਸ ਮਗਰੋਂ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੇ ਵਿਚਕਾਰਲਾ ਰਾਹ ਚੁਣਿਆ।
ਇਹ ਵੀ ਪੜ੍ਹੋ : ਨਕਲੀ ਰਾਸ਼ਨ ਕਾਰਡ ਬਣਾਉਣ ਵਾਲਿਆਂ ਦੀ ਹੁਣ ਖੈਰ ਨਹੀਂ, ਮਾਨ ਸਰਕਾਰ ਨੇ ਦਿੱਤੇ ਜਾਂਚ ਦੇ ਹੁਕਮ
ਮਾਮਲੇ ਨੂੰ ਸ਼ਾਂਤ ਰੱਖਣ ਲਈ ਪੰਜਾਬ ਪੁਲਿਸ ਨੇ ਖੁਦ ਨੂੰ ਸ਼ਿਕਾਇਤਕਰਤਾ ਬਣਾ ਲਿਆ। ਮਿਲੀ ਜਾਣਕਾਰੀ ਅਨੁਸਾਰ ਪੰਜਾਬ ਪੁਲੀਸ ਨੇ ਜ਼ਖ਼ਮੀ ਪੁਲਿਸ ਮੁਲਾਜ਼ਮ ਬਲਵਿੰਦਰ ਸਿੰਘ ਦੀ ਸ਼ਿਕਾਇਤ ’ਤੇ ਸੋਮਵਾਰ ਸ਼ਾਮ ਥਾਣਾ ਬਿਆਸ ਵਿਖੇ ਕੇਸ ਦਰਜ ਕੀਤਾ ਹੈ। ਇੰਨਾ ਹੀ ਨਹੀਂ ਇਸ ‘ਚ 400 ਅਣਪਛਾਤੇ ਲੋਕਾਂ ਨੂੰ ਦੋਸ਼ੀ ਬਣਾਇਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
“ਸਿੱਖ ਗੱਭਰੂ ਨੇ ਫੱਟੇ ਚੱਕ’ਤੇ ! ਕੈਨੇਡਾ ਦੀ Top University ਤੋਂ ਮਿਲੀ 2 ਕਰੋੜ ਦੀ ਸਕਾਲਰਸ਼ਿਪ ! ਪੁੱਤ ‘ਤੇ ਮਾਣ ਕਰਦੇ ਨੇ ਮਾਪੇ ! “
ਪੰਜਾਬ ਪੁਲਿਸ ਨੇ 400 ਅਣਪਛਾਤੇ ਵਿਅਕਤੀਆਂ ਖਿਲਾਫ ਕਤਲ ਦੀ ਕੋਸ਼ਿਸ਼, ਜਾਨ ਨੂੰ ਖਤਰੇ ਵਿੱਚ ਪਾਉਣ, ਸਰਕਾਰੀ ਡਿਊਟੀ ਦੀ ਉਲੰਘਣਾ ਅਤੇ ਅਸਲਾ ਐਕਟ ਦੇ ਸੰਗੀਨ ਦੋਸ਼ਾਂ ਤਹਿਤ ਕੇਸ ਦਰਜ ਕੀਤਾ ਹੈ। ਪੁਲਿਸ ਨੇ ਐਫਆਈਆਰ ਵਿੱਚ ਧਾਰਾ 307, 336, 353, 332, 427, 148, 149, 186, 506 ਆਈਪੀਸੀ 25/27 ਆਰਮਜ਼ ਐਕਟ ਸ਼ਾਮਲ ਕੀਤੀਆਂ ਹਨ।