ਭਾਰਤ ਦੇ ਜਲੰਧਰ ਵਿਚ ਰਹਿਣ ਵਾਲੇ ਅਮਰਜੀਤ ਸਿੰਘ ਦੀ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ ਜਦੋਂ ਉਹ 1947 ਦੀ ਵੰਡ ਸਮੇਂ ਆਪਣੇ ਪਰਿਵਾਰ ਤੋਂ ਵੱਖ ਹੋਣ ਦੇ 75 ਸਾਲ ਬਾਅਦ ਕਰਤਾਰਪੁਰ ਦੇ ਗੁਰਦੁਆਰਾ ਸਾਹਿਬ ਵਿਚ ਆਪਣੀ ਪਾਕਿਸਤਾਨੀ ਮੁਸਲਿਮ ਭੈਣ ਨੂੰ ਮਿਲੇ। ਮੁਲਾਕਾਤ ਦੇ ਸਮੇਂ ਭਰਾ-ਭੈਣ ਤੋਂ ਇਲਾਵਾ ਮੌਕੇ ‘ਤੇ ਮੌਜੂਦ ਲੋਕਾਂ ਦੀਆਂ ਅਖਾਂ ਵੀ ਨਮ ਹੋ ਗਈਆਂ। ਸਿੰਘ ਦੇ ਮੁਸਲਿਮ ਮਾਤਾ-ਪਿਤਾ ਵੰਡ ਸਮੇਂ ਪਾਕਿਸਤਾਨ ਚਲੇ ਗਏ ਸਨ ਜਦੋਂ ਕਿ ਉਹ ਤੇ ਉਨ੍ਹਾਂ ਦੀ ਭੈਣ ਭਾਰਤ ਵਿਚ ਹੀ ਰਹਿ ਗਏ ਸਨ। ਪਾਕਿਸਤਾਨ ਵਿਚ ਪੰਜਾਬ ਸੂਬੇ ਦੇ ਗੁਰਦੁਆਰਾ ਦਰਬਾਰ ਸਾਹਿਬ ਵਿਚ ਵ੍ਹੀਲਚੇਅਰ ‘ਤੇ ਬੈਠੇ ਸਿੰਘ ਦੀ ਉਨ੍ਹਾਂ ਦੀ ਭੈਣ ਕੁਲਸੁਮ ਅਖਤਰ ਨਾਲ ਮੁਲਾਕਾਤ ਦੌਰਾਨ ਸਾਰਿਆਂ ਦੀਆਂ ਅੱਖਾਂ ਨਮ ਹੋ ਗਈਆਂ।
ਅਮਰਜੀਤ ਸਿੰਘ ਆਪਣੀ ਭੈਣ ਨੂੰ ਮਿਲਣ ਲਈ ਵੀਜ਼ਾ ਲੈ ਕੇ ਵਾਹਗਾ ਬਾਰਡਰ ਦੇ ਰਸਤੇ ਪਾਕਿਸਤਾਨ ਪਹੁੰਚੇ। 65 ਸਾਲਾ ਕੁਲਸੁਮ ਆਪਣੇ ਭਰਾ ਨੂੰ ਦੇਖ ਕੇ ਆਪਣੀਆਂ ਭਾਵਨਾਵਾਂ ਨੂੰ ਕੰਟਰੋਲ ਨਹੀਂ ਕਰ ਸਕੀ ਤੇ ਦੋਵੇਂ ਇਕ ਦੂਜੇ ਨੂੰ ਗਲੇ ਲਕਾ ਕੇ ਰੋਂਦੇ ਰਹੇ। ਕੁਲਸੁਮ ਬੇਟੇ ਸ਼ਹਿਜਾਦ ਅਹਿਮਦ ਤੇ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਆਪਣੇ ਭਰਾ ਨੂੰ ਮਿਲਣ ਲਈ ਫੈਸਲਾਬਾਦ ਤੋਂ ਕਰਤਾਰਪੁਰ ਪਹੁੰਚੀ ਸੀ।
ਕੁਲਸੁਮ ਨੇ ਕਿਹਾ ਕਿ ਉਨ੍ਹਾਂ ਦੇ ਮਾਤਾ-ਪਿਤਾ 1947 ਵਿਚ ਜਲੰਧਰ ਦੇ ਇਕ ਉਪਨਗਰ ਵਿਚ ਪਾਕਿਸਤਾਨ ਚਲੇ ਗਏ ਸਨ ਜਦੋਂ ਕਿ ਉਸ ਦੇ ਭਰਾ ਤੇ ਇਕ ਭੈਣ ਉਥੇ ਰਹਿ ਗਏ ਸਨ। ਕੁਲਸੁਮ ਨੇ ਕਿਹਾ ਕਿ ਉਹ ਪਾਕਿਸਤਾਨ ਵਿਚ ਪੈਦਾ ਹੋਈ ਸੀ ਤੇ ਭਾਰਤ ਵਿਚ ਛੁਟੇ ਆਪਣੇ ਭਰਾ ਤੇ ਭੈਣ ਬਾਰੇ ਆਪਣੀ ਮਾਂ ਤੋਂ ਸੁਣਦੀ ਸੀ। ਉਨ੍ਹਾਂ ਕਿਹਾ ਕਿ ਮੈਨੂੰ ਉਮੀਦ ਨਹੀਂ ਸੀ ਕਿ ਉਹ ਕਦੇ ਆਪਣੇ ਭਰਾ ਤੇ ਭੈਣ ਨੂੰ ਮਿਲ ਸਕੇਗੀ। ਉਨ੍ਹਾਂ ਦੱਸਿਆ ਕਿ ਕੁਝ ਸਾਲ ਪਹਿਲਾਂ ਉਸ ਦੇ ਪਿਤਾ ਦੇ ਇਕ ਦੋਸਤ ਸਰਦਾਰ ਦਾਰਾ ਸਿੰਘ ਭਾਰਤ ਤੋਂ ਪਾਕਿਸਤਾਨ ਆਏ ਤੇ ਉਨ੍ਹਾਂ ਨਾਲ ਮੁਲਾਕਾਤ ਕੀਤੀ।
ਇਸ ਦੌਰਾਨ ਉਨ੍ਹਾਂ ਦੀ ਮਾਂ ਨੇ ਸ. ਦਾਰਾ ਸਿੰਘ ਨੂੰ ਭਾਰਤ ਵਿਚ ਛੋਟੇ ਆਪਣੇ ਪੁੱਤ ਤੇ ਧੀ ਬਾਰੇ ਦੱਸਿਆ। ਦਾਰਾ ਸਿੰਘ ਨੂੰ ਉਨ੍ਹਾਂ ਦੇ ਪਿੰਡ ਦਾ ਨਾਂ ਤੇ ਹੋਰ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਦਾਰਾ ਸਿੰਘ ਪੜਾਵਾਂ ਪਿੰਡ ਸਥਿਤ ਉਨ੍ਹਾਂ ਦੇ ਘਰ ਗਏ ਤੇ ਮਾਂ ਨੂੰ ਦੱਸਿਆ ਕਿ ਉਨ੍ਹਾਂ ਦਾ ਮੁੰਡਾ ਜੀਵਤ ਹੈ ਪਰ ਧੀ ਦੀ ਮੌਤ ਹੋ ਚੁੱਕੀ ਹੈ। ਕੁਲਸੁਮ ਅਨੁਸਾਰ ਦਾਰਾ ਸਿੰਘ ਨੇ ਉਨ੍ਹਾਂ ਦੀ ਮਾਂ ਨੂੰ ਦੱਸਿਆ ਕਿ ਉਨ੍ਹਾਂ ਦੇ ਬੇਟੇ ਦਾ ਨਾਂ ਅਮਰਜੀਤ ਸਿੰਘ ਹੈ ਜਿਸ ਨੂੰ 1947 ਵਿਚ ਇਕ ਸਿੱਖ ਪਰਿਵਾਰ ਨੇ ਗੋਦ ਲਿਆ ਸੀ।
ਭਰਾ ਬਾਰੇ ਪਤਾ ਲੱਗਦਿਆ ਹੀ ਕੁਲਸੁਮ ਨੇ ਸਿੰਘ ਨਾਲ ਵ੍ਹਟਸਐਪ ‘ਤੇ ਸੰਪਰਕ ਕੀਤਾ ਤੇ ਬਾਅਦ ਵਿਚ ਮਿਲਣ ਦਾ ਫੈਸਲਾ ਕੀਤਾ। ਸਿੰਘਨੇ ਕਿਹਾ ਕਿ ਜਦੋਂ ਉਸ ਨੂੰ ਪਹਿਲੀ ਵਾਰ ਪਤਾ ਲੱਗਾ ਕਿ ਉਸ ਦੇ ਅਸਲੀ ਮਾਤਾ-ਪਿਤਾ ਪਾਕਿਸਤਾਨ ਵਿਚ ਹਨ ਤੇ ਮੁਸਲਮਾਨ ਹਨ ਤਾਂ ਉਨ੍ਹਾਂ ਨੂੰ ਝਟਕਾ ਲੱਗਾ। ਫਿਰ ਉਨ੍ਹਾਂ ਨੇ ਖੁਦ ਨੂੰ ਦਿਲਾਸਾ ਦਿੱਤਾ ਕਿ ਉਨ੍ਹਾਂ ਦੇ ਆਪਣੇ ਪਰਿਵਾਰ ਤੋਂ ਇਲਾਵਾ ਹੋਰ ਪਰਿਵਾਰ ਵੀ ਵੰਡ ਸਮੇਂ ਇਕ ਦੂਜੇ ਤੋਂ ਵੱਖ ਹੋਏ ਸਨ। ਸਿੰਘ ਨੇ ਕਿਹਾ ਕਿ ਉਹ ਹਮੇਸ਼ਾ ਆਪਣੇ ਭੈਣ ਭਰਾਵਾਂ ਨਾਲ ਮਿਲਣਾ ਚਾਹੁੰਦੇ ਸਨ।
ਵੀਡੀਓ ਲਈ ਕਲਿੱਕ ਕਰੋ -: