ਅੰਮ੍ਰਿਤਸਰ ਵਿੱਚ ਇੱਕ ਨਸ਼ੇੜੀ ਕੁੜੀ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਭਾਜੜਾਂ ਪੈ ਗਈਆਂ। ਪੁਲਿਸ ਨੇ ਹਰਕਤ ਵਿੱਚ ਆਉਂਦੇ ਹੋਏ ਮਕਬੂਲਪੁਰਾ ਇਲਾਕੇ ਵਿੱਚ ਸਰਚ ਆਪਰੇਸ਼ਨ ਚਲਾਇਆ, ਜਿਸ ਵਿੱਚ ਪੁਲਿਸ ਨੇ ਕੁੱਝ ਨਸ਼ਾ ਤਸਕਰਾਂ ਅਤੇ ਸ਼ੱਕੀ ਵਿਅਕਤੀਆਂ ਨੂੰ ਕਾਬੂ ਕੀਤਾ ਹੈ।
ਜਾਣਕਾਰੀ ਮੁਤਾਬਕ ਐਤਵਾਰ ਨੂੰ ਇਕ ਮੁਟਿਆਰ ਦਾ ਵੀਡੀਓ ਵਾਇਰਲ ਹੋਇਆ ਸੀ। ਜਾਂਚ ਤੋਂ ਪਤਾ ਲੱਗਾ ਕਿ ਵੀਡੀਓ ਸ਼੍ਰੀ ਗੁਰੂ ਰਾਮਦਾਸ ਜੀ ਡੈਂਟਲ ਇੰਸਟੀਚਿਊਟ ਦੇ ਪਿੱਛੇ ਦੀ ਹੈ। ਵੀਡੀਓ ‘ਚ ਨਾ ਤਾਂ ਕੁੜੀ ਸਿੱਧੀ ਖੜ੍ਹ ਸਕਦੀ ਸੀ ਅਤੇ ਨਾ ਹੀ ਤੁਰ ਸਕਦੀ ਸੀ। ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਗਿਆ। ਮੀਡੀਆ ‘ਚ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਜ਼ਿਲਾ ਪੁਲਸ ਪ੍ਰਸ਼ਾਸਨ ਹਰਕਤ ‘ਚ ਆ ਗਿਆ ਅਤੇ ਮਕਬੂਲਪੁਰਾ ਇਲਾਕੇ ‘ਚ ਤਲਾਸ਼ੀ ਮੁਹਿੰਮ ਚਲਾਈ।
ਅੰਮਿ੍ਤਸਰ ਪੁਲਿਸ ਮੁਤਾਬਕ ਉਨ੍ਹਾਂ ਨੂੰ ਕੁੜੀ ਬਾਰੇ ਕੁਝ ਵੀ ਪਤਾ ਨਹੀਂ ਲੱਗਾ ਅਤੇ ਵੀਡੀਓ ਵਿੱਚ ਕੁੜੀ ਕੋਲ ਕੋਈ ਇੰਜੈਕਸ਼ਨ ਜਾਂ ਨਸ਼ੀਲੀ ਚੀਜ਼ ਮਿਲਣ ਦਾ ਵੀ ਕੋਈ ਸਬੂਤ ਨਹੀਂ ਹੈ ਪਰ ਇਸ ਦੇ ਬਾਵਜੂਦ ਪੁਲਿਸ ਕਮਿਸ਼ਨਰ ਅਰੁਣ ਪਾਲ ਸਿੰਘ ਦੇ ਹੁਕਮਾਂ ‘ਤੇ ਇਲਾਕੇ ਵਿਚ ਤਲਾਸ਼ੀ ਮੁਹਿੰਮ ਚਲਾਈ ਗਈ | ਇਸ ਦੌਰਾਨ ਪੁਲੀਸ ਨੇ 15 ਨੌਜਵਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਜਿਨ੍ਹਾਂ ਕੋਲੋਂ ਪੁਲਿਸ ਨੇ 21,960 ਰੁਪਏ ਬਰਾਮਦ ਕੀਤੇ ਹਨ। ਇੰਨਾ ਹੀ ਨਹੀਂ ਤਿੰਨ ਨਸ਼ਾ ਤਸਕਰ ਵੀ ਫੜੇ ਗਏ, ਜਿਨ੍ਹਾਂ ਕੋਲੋਂ ਪੁਲਿਸ ਨੇ 118 ਗ੍ਰਾਮ ਹੈਰੋਇਨ ਵੀ ਬਰਾਮਦ ਕੀਤੀ ਹੈ।
ਇਹ ਵੀ ਪੜ੍ਹੋ : ਮੂਸੇਵਾਲਾ ਕਤਲ ਕੇਸ, ਕੇਕੜੇ ਦਾ ਭਰਾ ਬਿੱਟੂ 17 ਸਤੰਬਰ ਤੱਕ ਪੁਲਿਸ ਰਿਮਾਂਡ ‘ਤੇ, ਹੋਣਗੇ ਵੱਡੇ ਖੁਲਾਸੇ
ਜ਼ਿਕਰਯੋਗ ਹੈ ਕਿ ਬੀਤੇ ਦਿਨ ਵਾਇਰਲ ਹੋਈ ਵੀਡੀਓ ਵਿੱਚ 24-25 ਸਾਲਾਂ ਦੀ ਕੁੜੀ ਜਿਸ ਨੇ ਹੱਥਾਂ ਵਿੱਚ ਚੂੜਾ ਪਾਇਆ ਹੋਇਆ ਤੇ ਚੰਗੇ ਕੱਪੜੇ ਪਾਏ ਹੋਏ ਹਨ, ਨਸ਼ੇ ਦਾ ਟੀਕਾ ਲਾਉਂਦੀ ਨਜ਼ਰ ਆਉਂਦੀ ਹੈ। ਟੀਕਾ ਲਾਉਣ ਤੋਂ ਬਾਅਦ ਉਹ ਇੰਨੀ ਬੇਵੱਸ ਹੋ ਜਾਂਦੀ ਹੈ ਕਿ ਇੱਕ ਪੈਰ ਵੀ ਉਸ ਕੋਲੋਂ ਪੁੱਟਿਆ ਨਹੀਂ ਜਾਂਦਾ।