ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਰਿਸ਼ਵਤ ਕਾਂਡ ਵਿੱਚ ਨਵਾਂ ਖੁਲਾਸਾ ਹੋਇਆ ਹੈ। ਅਰੋੜਾ ਨੇ ਰਿਸ਼ਵਤ ਦੀ ਰਕਮ ਆਪਣੇ ਕਿਸੇ ਸਾਥੀ ਜਾਂ ਜਾਣ-ਪਛਾਣ ਵਾਲੇ ਤੋਂ ਨਹੀਂ, ਸਗੋਂ ਆਪਣੇ ਘਰੋਂ ਹੀ ਲਿਆਂਦੀ ਸੀ। ਵਿਜੀਲੈਂਸ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਅਰੋੜਾ ਰਿਸ਼ਵਤ ਦੀ ਰਕਮ ਲੈ ਕੇ KIA ਕਾਰ ਵਿੱਚ ਹੁਸ਼ਿਆਰਪੁਰ ਤੋਂ ਪਹਿਲਾਂ ਮੁਹਾਲੀ ਏਅਰਪੋਰਟ ਪਹੁੰਚੇ। ਇਸ ਤੋਂ ਬਾਅਦ ਅਰੋੜਾ ਨੇ ਆਪਣੀ ਕਾਰ ਬਦਲ ਕੇ ਮਾਰਬੇਲਾ ਗ੍ਰੈਂਡ ਦੀ ਪਾਰਟਨਰ ਦੀ ਇਨੋਵਾ ਕ੍ਰਿਸਟਾ ਕਾਰ ਲਈ। ਫਿਰ ਉਹ ਇਨੋਵਾ ਤੋਂ ਰਿਸ਼ਵਤ ਦੀ ਰਕਮ ਲੈ ਕੇ AIG ਮਨਮੋਹਨ ਕੁਮਾਰ ਕੋਲ ਪਹੁੰਚੇ।
ਇਸ ਦੌਰਾਨ ਇਨੋਵਾ ਕਾਰ ਦੇ ਮਾਲਕ ਦਾ ਪੀਏ ਵੀ ਉਸ ਦੇ ਨਾਲ ਮੌਜੂਦ ਸੀ। ਜਿਸ ਵੇਲੇ ਸੁੰਦਰ ਸ਼ਾਮ ਅਰੋੜਾ AIG ਮਨਮੋਹਨ ਕੁਮਾਰ ਨੂੰ 50 ਲੱਖ ਰੁਪਏ ਰਿਸ਼ਵਤ ਵਜੋਂ ਦੇਣ ਲੱਗਾ ਤਾਂ ਪਹਿਲਾਂ ਤੋਂ ਹੀ ਜਾਲ ਤਿਆਰ ਕਰ ਰਹੀ ਵਿਜੀਲੈਂਸ ਟੀਮ ਨੇ ਉਸ ਨੂੰ ਕਾਬੂ ਕਰ ਲਿਆ।
ਮੁਲਜ਼ਮ ਸੁੰਦਰ ਸ਼ਾਮ ਅਰੋੜਾ ਇਸ ਸਮੇਂ ਨਿਆਂਇਕ ਹਿਰਾਸਤ ਵਿੱਚ ਹੈ। ਇਸ ਤੋਂ ਇਲਾਵਾ ਵਿਜੀਲੈਂਸ ਬਿਊਰੋ ਨੇ ਪਠਾਨਕੋਟ ਨਗਰ ਨਿਗਮ ‘ਚ ਬੇਨਿਯਮੀਆਂ ਦੀ ਸ਼ਿਕਾਇਤ ‘ਤੇ ਸਾਬਕਾ ਕਾਂਗਰਸੀ ਵਿਧਾਇਕ ਅਮਿਤ ਵਿਜ ਖਿਲਾਫ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਵੇਲੇ ਵਿਜ ਸੂਬਾ ਕਾਂਗਰਸ ਦੇ ਖਜ਼ਾਨਚੀ ਹਨ। ਜਾਣਕਾਰੀ ਮੁਤਾਬਕ ਵਿਜੀਲੈਂਸ ਨੂੰ ਪਠਾਨਕੋਟ ਦੇ ਸਾਬਕਾ ਵਿਧਾਇਕ ਅਮਿਤ ਵਿਜ ਖਿਲਾਫ ਸ਼ਿਕਾਇਤ ਮਿਲੀ ਸੀ। ਇਸ ‘ਚ ਵਿਜ ‘ਤੇ ਨਗਰ ਨਿਗਮ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਘਪਲੇ ਦੇ ਦੋਸ਼ ਲਾਏ ਗਏ ਹਨ। ਵਿਜੀਲੈਂਸ ਨੇ ਨਿਗਮ ਦੇ ਅਧਿਕਾਰੀਆਂ ਖਿਲਾਫ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਬ੍ਰਿਟੇਨ ਸਰਕਾਰ ‘ਚ ਇੱਕ ਹੋਰ ਭਾਰਤਵੰਸ਼ੀ ਦੀ ਐਂਟਰੀ, ਭਾਰਤੀਆਂ ਖਿਲਾਫ਼ ਬੋਲੀ ਸੀ ਸੁਏਲਾ
ਵਿਜੀਲੈਂਸ ਨੇ ਇਸ ਤੋਂ ਪਹਿਲਾਂ ਗੁਰਦਾਸਪੁਰ ਦੇ ਵਿਧਾਇਕ ਬਰਿੰਦਰਮੀਤ ਸਿੰਘ ਪਹਾੜਾ ਦੇ ਬੈਂਕ ਖਾਤਿਆਂ ਨੂੰ ਖੰਗਾਲਿਆ ਸੀ। ਵਿਜੀਲੈਂਸ ਕਾਂਗਰਸ ਦੇ 6 ਸਾਬਕਾ ਮੰਤਰੀਆਂ ਸਣੇ ਵਿਧਾਇਕਾਂ ਖਿਲਾਫ ਜਾਂਚ ਕਰ ਰਹੀ ਹੈ। ਇਨ੍ਹਾਂ ਵਿੱਚੋਂ ਸਾਬਕਾ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਰਿਸ਼ਵਤ ਦੇਣ ਦੀ ਕੋਸ਼ਿਸ਼ ਅਤੇ ਭਾਰਤ ਭੂਸ਼ਣ ਆਸ਼ੂ ਮੰਡੀਆਂ ਵਿੱਚ ਆਪਣੇ ਨਜ਼ਦੀਕੀਆਂ ਨੂੰ ਫਾਇਦਾ ਪਹੁੰਚਾਉਣ ਦੇ ਦੋਸ਼ ਵਿੱਚ ਜੇਲ੍ਹ ਵਿੱਚ ਹਨ, ਜਦਕਿ ਸਾਧੂ ਸਿੰਘ ਧਰਮਸੋਤ ਅਤੇ ਸੰਗਤ ਸਿੰਘ ਗਿਲਜੀਆਂ ਨੂੰ ਜ਼ਮਾਨਤ ਮਿਲ ਚੁੱਕੀ ਹੈ। ਵਿਜੀਲੈਂਸ ਨੇ ਚੋਣ ਲੜਨ ਵਾਲੇ ਸੰਦੀਪ ਸਿੰਘ ਸੰਧੂ ਖ਼ਿਲਾਫ਼ ਵੀ ਕੇਸ ਦਰਜ ਕਰ ਲਿਆ ਹੈ।
ਵੀਡੀਓ ਲਈ ਕਲਿੱਕ ਕਰੋ -: