ਪੰਜਾਬੀ ਫ਼ਿਲਮਾਂ ਵਿੱਚ ਅਦਾਕਾਰ ਤੋਂ ਨਿਰਦੇਸ਼ਕ ਤੱਕ ਦੀ ਭੂਮਿਕਾ ਨਿਭਾਉਣ ਵਾਲੇ ਨੌਜਵਾਨ ਫ਼ਿਲਮ ਡਾਇਰੈਕਟਰ ਅਤੇ ਰੇਡੀਓ ਜੌਕੀ ਸੁਖਦੀਪ ਸਿੰਘ ਉਰਫ਼ ਸੁੱਖੀ ਦਾ ਅੱਜ ਦਿਹਾਂਤ ਹੋ ਗਿਆ। ਉਹ ਪਿਛਲੇ ਦਿਨੀਂ ਜਲੰਧਰ ਵਿੱਚ ਇੱਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਸਨ। ਉਨ੍ਹਾਂ ਨੂੰ ਰਾਮਾਮੰਡੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਹਾਦਸੇ ਤੋਂ ਬਾਅਦ ਬੇਹੋਸ਼ ਹੋਏ ਸੁਖਦੀਪ ਸਿੰਘ ਸੁੱਖੀ ਨੂੰ ਹੋਸ਼ ਨਹੀਂ ਆਇਆ। ਉਨ੍ਹਾਂ ਨੇ ਅੱਜ ਇੱਕ ਨਿੱਜੀ ਹਸਪਤਾਲ ਵਿੱਚ ਆਖਰੀ ਸਾਹ ਲਿਆ।
ਸੁਖਦੀਪ ਸਿੰਘ ਉਰਫ ਸੁੱਖੀ ਆਪਣੇ ਕਾਲਜ ਦੇ ਦਿਨਾਂ ਤੋਂ ਹੀ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਸੀ। ਉਨ੍ਹਾਂ ਨੇ ਕਾਲਜ ਦੇ ਸਮੇਂ ਤੋਂ ਹੀ ਸਟੇਜ ਪੇਸ਼ਕਾਰੀ ਕਰਨੀ ਸ਼ੁਰੂ ਕਰ ਦਿੱਤੀ ਸੀ। ਸੁੱਖੀ ਨੂੰ ਕਾਲਜ ਵਿੱਚ ਕਿਸੇ ਵੀ ਪ੍ਰੋਗਰਾਮ ਦੌਰਾਨ ਮੰਚ ਸੰਚਾਲਨ ਕਰਨ ਲਈ ਹਮੇਸ਼ਾ ਯਾਦ ਕੀਤਾ ਜਾਂਦਾ ਸੀ। ਕਾਲਜ ਤੋਂ ਬਾਅਦ ਸੁੱਖੀ ਨੇ ਰੇਡੀਓ ਦੀ ਦੁਨੀਆ ਵਿੱਚ ਕਦਮ ਰਖਿਆ। ਰੇਡੀਓ ਜੌਕੀ ਵਜੋਂ ਚੰਗਾ ਨਾਮ ਕਮਾਉਣ ਤੋਂ ਬਾਅਦ ਸੁੱਖੀ ਅੰਦਰੋਂ ਅਦਾਕਾਰੀ ਦਾ ਕੀੜਾ ਨਹੀਂ ਗਿਆ। ਉਨ੍ਹਾਂ ਨੇ ਇੱਕ ਰੇਡੀਓ ਜੌਕੀ ਦੇ ਨਾਲ-ਨਾਲ ਫਿਲਮਾਂ ਵਿੱਚ ਐਕਸ਼ਨ ਅਤੇ ਨਿਰਦੇਸ਼ਨ ਵਿੱਚ ਕੰਮ ਕੀਤਾ।
ਸੁਖਦੀਪ ਸਿੰਘ ਸੁੱਖੀ ਨੇ ਸਾਲ 2018 ਵਿੱਚ ਫਿਲਮ ਨਿਰਦੇਸ਼ਨ ਦੇ ਖੇਤਰ ਵਿੱਚ ਕਦਮ ਰਖਿਆ ਸੀ। ਉਨ੍ਹਾਂ ਨੇ 2018 ਵਿੱਚ ਪਹਿਲੀ ਪੰਜਾਬੀ ਫਿਲਮ ‘ਇਸ਼ਕ ਨਾ ਹੋਵੇ ਰੱਬਾ’ ਦਾ ਨਿਰਦੇਸ਼ਨ ਕੀਤਾ। ਇਸ ਤੋਂ ਬਾਅਦ, 2020 ਵਿੱਚ ਉਨ੍ਹਾਂ ਨੇ ਬੀਕਾਨੇਰੀ ਫੀਮ ਅਤੇ ਸਾਲ 2020 ਵਿੱਚ ਹੀ ਨੋ…ਨੋ…ਨੋ ਫਿਲਮ ਵਿੱਚ ਬਤੌਰ ਡਾਇਰੈਕਟਰ ਆਪਣੀ ਭੂਮਿਕਾ ਨਿਭਾਈ ਸੀ। ਫਿਲਮਾਂ ਤੋਂ ਇਲਾਵਾ ਸੁੱਖੀ ਨੇ ਕਈ ਮਿਊਜ਼ਿਕ ਵੀਡੀਓਜ਼ ਅਤੇ ਐਲਬਮਾਂ ਦਾ ਨਿਰਦੇਸ਼ਨ ਵੀ ਕੀਤਾ।
ਦੱਸ ਦਈਏ ਕਿ 23 ਨਵੰਬਰ ਦੀ ਰਾਤ ਨੂੰ ਜਲੰਧਰ ‘ਚ ਹੋਏ ਹਾਦਸੇ ‘ਚ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਸਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਜ਼ਖਮੀ ਹਾਲਤ ‘ਚ ਜਲੰਧਰ ਰਾਮਾ ਮੰਡੀ ਦੇ ਜੌਹਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ। ਦੇਰ ਰਾਤ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਰਾਹੁਲ ਨੂੰ ਮਿਲਿਆ ਭੈਣ ਦਾ ਸਾਥ, ਪਤੀ-ਪੁੱਤ ਸਣੇ ‘ਭਾਰਤ ਜੋੜੋ ਯਾਤਰਾ’ ‘ਚ ਸ਼ਾਮਲ ਹੋਈ ਪ੍ਰਿਯੰਕਾ
ਫ਼ਿਲਮ ਨਿਰਦੇਸ਼ਕ ਸੁਖਦੀਪ ਸਿੰਘ ਸੁੱਖੀ ਦੇ ਕਰੀਬੀ ਰਿਸ਼ਤੇਦਾਰਾਂ ਨੇ ਦੱਸਿਆ ਕਿ ਸੁੱਖੀ ਨੇ ਛੋਟੀ ਉਮਰ ਵਿੱਚ ਹੀ ਕਈ ਪ੍ਰਾਪਤੀਆਂ ਹਾਸਲ ਕੀਤੀਆਂ ਸਨ। ਉਹ ਕਲਾ ਦੇ ਧਨੀ ਸਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਮਾਤਾ-ਪਿਤਾ ਦਾ ਕੁਝ ਦਿਨ ਪਹਿਲਾਂ ਦਿਹਾਂਤ ਹੋ ਗਿਆ ਸੀ। ਇਸ ਕਾਰਨ ਉਹ ਬਹੁਤ ਦੁਖੀ ਵੀ ਸੀ। ਉਹ ਆਪਣੇ ਮਾਪਿਆਂ ਨੂੰ ਬਹੁਤ ਪਿਆਰ ਕਰਦਾ ਸੀ। ਦੋਵਾਂ ਦੇ ਇਕ ਤੋਂ ਬਾਅਦ ਇਕ ਮਰਨ ਤੋਂ ਬਾਅਦ ਉਹ ਟੁੱਟ ਗਿਆ ਸੀ ਪਰ ਹੁਣ ਸੁਖਦੀਪ ਖੁਦ ਵੀ ਉਨ੍ਹਾਂ ਕੋਲ ਚਲਾ ਗਿਆ।
ਦੱਸ ਦਈਏ ਕਿ ਪਹਿਲਾਂ ਸਤੰਬਰ ਮਹੀਨੇ ‘ਚ ਉਸ ਦੀ ਮਾਤਾ ਬਲਵਿੰਦਰ ਕੌਰ ਦਾ ਦਿਹਾਂਤ ਹੋ ਗਿਆ ਸੀ, ਉਸ ਤੋਂ ਬਾਅਦ ਅਕਤੂਬਰ ਮਹੀਨੇ ‘ਚ ਪਿਤਾ ਬ੍ਰਿਜਪਾਲ ਸਿੰਘ ਦਾ ਦੇਹਾਂਤ ਹੋ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -: