ਚਮਕੌਰ ਸਾਹਿਬ ਦੇ ਪਿੰਡ ਭਲਿਆਣ ਤੋਂ ਬਹੁਤ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਕਲਯੁੱਗੀ ਪਿਓ ਨੇ ਆਪਣੀ ਹੀ ਚਾਰ ਮਹੀਨਿਆਂ ਦੀ ਮਾਸੂਮ ਧੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਮਿਲੀ ਜਾਣਕਾਰੀ ਮੁਤਾਬਕ ਸੀਮਾ ਦੀ ਚਾਰ ਸਾਲ ਪਹਿਲਾਂ ਭਰਿਆਣ ਵਾਸੀ ਸਿਕੰਦਰ ਸਿੰਘ ਨਾਲ ਵਿਆਹ ਹੋਇਆ ਸੀ। ਪਹਿਲੀ ਵਾਰ ਜਦੋਂ ਸੀਮਾ ਨੂੰ ਧੀ ਹੋਈ ਤਾਂ ਸਿਕੰਦਰ ਨੇ ਆਪਣਾ ਫੋਨ ਬੰਦ ਕਰ ਲਿਆ ਸੀ। ਇਸ ਦੇ ਬਾਅਦ ਬੱਚੀ ਨਾਲ 8 ਮਹੀਨਿਆਂ ਤੱਕ ਪੇਕੇ ਪਰਿਵਾਰ ਕੋਲ ਹੀ ਰਹੀ। ਇਸ ਦੇ ਬਾਅਦ ਮੁਲਜ਼ਮ ਉਸ ਨੂੰ ਲੈ ਕੇ ਗਿਆ। ਫਿਰ ਸੀਮਾ ਨੂੰ ਦੋ ਜੁੜਵਾਂ ਧੀਆਂ ਹੋਈਆਂ। ਇਸ ‘ਤੇ ਸਿਕੰਦਰ ਨੇ ਉਸ ਨੂੰ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਉਹ ਸੀਮਾ ਨਾਲ ਮਾਰਕੁੱਟ ਕਰਦਾ।
ਇਕ ਬੱਚੀ ਕਿਸੇ ਨੂੰ ਗੋਦ ਦੇ ਦਿੱਤੀ ਗਈ ਪਰ ਦੂਜੀ ਬੱਚੀ ਏਕਮ ਸਿਕੰਦਰ ਦੇ ਨਿਸ਼ਾਨੇ ‘ਤੇ ਆ ਗਈ। ਉਹ ਉਸ ਨੂੰ ਕਈ ਵਾਰ ਕੁੱਟਦਾ ਸੀ। ਇਹੀ ਨਹੀਂ ਕਈ ਵਾਰ ਮੁਲਜ਼ਮ ਬੱਚੀ ਨੂੰ ਟਰੰਕ ਵਿਚ ਵੀ ਬੰਦ ਕਰ ਦਿੰਦਾ ਸੀ। ਪਿੰਡ ਮੀਆਂਪੁਰ ਦੇ ਸਰਪੰਚ ਗੁਰਚਰਨ ਸਿੰਘ ਚੰਨੀ ਨੇ ਕਿਹਾ ਕਿ ਸਿਕੰਦਰ ਸਿੰਘ ਘਰ ਵਿਚ ਲੜਕਾ ਨਾ ਹੋਣ ਕਾਰਨ ਸੀਮਾ ਤੇ ਦੋਵੇਂ ਧੀਆਂ ਨਾਲ ਮਾਰਕੁੱਟ ਕਰਦਾ ਸੀ। ਮਾਰਕੁੱਟ ਤੋਂ ਤੰਗ ਆ ਕੇ ਸੀਮਾ ਜ਼ਿਆਦਾਤਰ ਆਪਣੇ ਪੇਕੇ ਪਰਿਵਾਰ ਵਿਚ ਰਹਿੰਦੀ ਸੀ। ਦੋਸ਼ ਹੈ ਕਿ ਸ਼ੁੱਕਰਵਾਰ ਨੂੰ ਵੀ ਸਿਕੰਦਰ ਨੇ ਆਪਣੀ ਬੱਚੀ ਏਕਮ ਨਾਲ ਮਾਰਕੁੱਟ ਕੀਤੀ ਜਿਸ ਨਾਲ ਉਸ ਦੀ ਮੌਤ ਹੋ ਗਈ।
ਵਾਰਦਾਤ ਦੇ ਬਾਅਦ ਮੁਲਜ਼ਮ ਬੱਚੀ ਨੂੰ ਖੁਦ ਹੀ ਰੋਪੜ ਦੇ ਸਰਕਾਰੀ ਹਸਪਤਾਲ ਲਿਆਇਆ ਜਿਥੇ ਡਾਕਟਰਾਂ ਨੇ ਬੱਚੀ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਦੇ ਬਾਅਦ ਪੁਲਿਸ ਨੇ ਬੱਚੀ ਦੇ ਪਿਤਾ ਸਿਕੰਦਰ ਸਿੰਘ ‘ਤੇ ਮਾਮਲਾ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ।
ਸਰਕਾਰੀ ਹਸਪਤਾਲ ਦੀ ਡਾਕਟਰ ਲਵਲੀਨ ਨੇ ਦੱਸਿਆ ਕਿ ਬੱਚੀ ਦਾ ਪਿਤਾ ਉਸ ਨੂੰ ਐਮਰਜੈਂਸੀ ਵਿਚ ਲਿਆਇਆ ਸੀ ਪਰ ਬੱਚੀ ਦੀ ਮੌਤ ਹੋ ਚੁੱਕੀ ਸੀ। ਬੱਚੀ ਦੇ ਸਰੀਰ ‘ਤੇ ਮਾਰਕੁੱਟ ਦੇ ਨਿਸ਼ਾਨ ਬਾਰੇ ਜਦੋਂ ਪੁੱਛਿਆ ਗਿਆ ਤਾਂ ਉਸ ਨੇ ਕੋਈ ਸਪੱਸ਼ਟ ਜਵਾਬ ਨਾ ਦਿੰਦੇ ਹੋਏ ਕਿਹਾ ਕਿ ਉਹ ਬੈੱਡ ਤੋਂ ਡਿੱਗ ਗਈ ਹੈ। ਉਨ੍ਹਾਂ ਦੱਸਿਆ ਕਿ ਬੱਚੀ ਦੇ ਗਲੇ ‘ਤੇ ਵੀ ਨਿਸ਼ਾਨ ਸਨ ਜਿਸ ਦੇ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ।
ਇਹ ਵੀ ਪੜ੍ਹੋ : ਪੰਜਾਬ ‘ਚ ਗੈਂਗ.ਸਟਰ ਰਵੀ ਬਲਾਚੋਰੀਆ ਦੇ 2 ਗੁਰਗੇ ਕਾਬੂ, ਹਥਿਆਰ ਤੇ ਹੈਰੋਇਨ ਸਣੇ 1.4 ਲੱਖ ਦੀ ਡਰੱਗ ਮਨੀ ਬਰਾਮਦ
ਮ੍ਰਿਤਕ ਬੱਚੀ ਏਕਮ ਦੀ ਮਾਂ ਸੀਮਾ ਨੇ ਦੱਸਿਆ ਕਿ ਉਸ ਦੇ ਪਤੀ ਨੇ ਸਵੇਰੇ ਬੱਚੀ ਨੂੰ ਕੁੱਟਿਆ ਤੇ ਉਸ ਨੂੰ ਬੈੱਡ ‘ਤੇ ਲਿਟਾ ਦਿੱਤਾ। ਸੀਮਾ ਦੇ ਪੁੱਛਣ ‘ਤੇ ਉਸ ਨੇ ਕਿਹਾ ਕਿ ਉਹ ਸੌਂ ਰਹੀ ਹੈ ਪਰ ਜਦੋਂ ਸੀਮਾ ਨੇ ਦੋ ਘੰਟੇ ਬਾਅਦ ਦੇਖਿਆ ਤਾਂ ਬੱਚੀ ਦਾ ਸਾਹ ਨਹੀਂ ਚੱਲ ਰਿਹਾ ਸੀ। ਉਦੋਂ ਸਿਕੰਦਰ ਸਿੰਘ ਬੱਚੀ ਨੂੰ ਸਰਕਾਰੀ ਹਸਪਤਾਲ ਲੈ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਵੀਡੀਓ ਲਈ ਕਲਿੱਕ ਕਰੋ -: