ਹਰਿਆਣਾ ਦੇ ਕੁਰੂਕਸ਼ੇਤਰ ਤੋਂ ਦਿਲ ਦਹਿਲਾ ਦੇਣ ਵਾਲੀ ਖਬਰ ਸਾਹਮਣੇ ਆਈ ਹੈ ਜਿਥੇ ਪਤੀ-ਪਤਨੀ ਨੇ 3 ਸਾਲ ਦੀ ਛੋਟੀ ਧੀ ਦੇ ਨਾਲ ਆਪਣੀ ਜੀਵਨ ਲੀਲਾ ਵੀ ਸਮਾਪਤ ਕਰ ਲਈ। ਧੀ ਦੀ ਬੀਮਾਰੀ ਨੂੰ ਲੈ ਕੇ ਪਰਿਵਾਰ ਕਾਫੀ ਪ੍ਰੇਸ਼ਾਨ ਸੀ।
ਅੱਜ ਸਵੇਰੇ ਸੂਚਨਾ ਮਿਲੀ ਕਿ ਪ੍ਰੇਮ ਨਗਰ ਕਾਲੋਨੀ ਵਿਚ ਇਕ ਘਰ ਵਿਚ 3 ਲੋਕਾਂ ਨੇ ਪੱਖੇ ਨਾਲ ਲਟਕ ਕੇ ਆਪਣੀ ਜਾਨ ਲੈ ਲਈ ਹੈ। ਪੁਲਿਸ ਤੁਰੰਤ ਮੌਕੇ ‘ਤੇ ਪਹੁੰਚੀ। ਦੇਖਿਆ ਤਾਂ ਪਤੀ-ਪਤਨੀ ਤੇ ਉਨ੍ਹਾਂ ਦੀ 3 ਸਾਲਾ ਬੱਚੀ ਪੱਖੇ ਨਾਲ ਲਟਕ ਰਹੇ ਸਨ। ਤੁਰੰਤ ਤਿੰਨਾਂ ਨੂੰ ਹੇਠਾਂ ਉਤਾਰਿਆ ਗਿਆ ਪਰ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਮਰਨ ਤੋਂ ਪਹਿਲਾਂ ਪਿਤਾ ਨੇ ਆਪਣੇ ਜੀਜੇ ਨੂੰ ਸੁਸਾਈਡ ਨੋਟ ਵੀ ਲਿਖਿਆ ਸੀ।

ਪਰਿਵਾਰ ਵਾਲਿਆਂ ਨੇ ਦੱਸਿਆ ਕਿ ਅੱਜ ਧੀ ਦਾ ਜਨਮ ਦਿਨ ਸੀ। ਕੁਝ ਦਿਨ ਪਹਿਲਾਂ ਹੀ ਪਰਿਵਾਰ ਨੇ ਨਵੀਂ ਥਾਰ ਗੱਡੀ ਲਈ ਸੀ ਤੇ ਪਰਿਵਾਰ ਰਾਜਸਥਾਨ ਘੁੰਮਣ ਵੀ ਗਿਆ ਸੀ ਤੇ 2-3 ਦਿਨ ਪਹਿਲਾਂ ਹੀ ਘਰ ਪਰਤਿਆ ਸੀ।
ਇਹ ਵੀ ਪੜ੍ਹੋ : ਰੋਪੜ ਦੇ 7 ਸਾਲਾ ਤੇਗਬੀਰ ਸਿੰਘ ਨੇ ਬਣਾਇਆ ਵਿਸ਼ਵ ਰਿਕਾਰਡ, ਨੇਪਾਲ ‘ਚ ਅੰਨਪੂਰਨਾ ਸਰਕਟ ਨੂੰ ਕੀਤਾ ਫਤਿਹ
ਮ੍ਰਿਤਕਾਂ ਦੀ ਪਛਾਣ ਜਤਿੰਦਰ ਕੁਮਾਰ (30), ਪਤਨੀ ਮੰਜੂ (28) ਤੇ ਧੀ ਅਦਵਿਕਾ ਵਜੋਂ ਹੋਈ ਹੈ। ਜਤਿੰਦਰ ਕੁਮਾਰ ਰੇਲਵੇ ਮੇਲ ਸਰਵਿਸ ਵਿਚ ਕੰਮ ਕਰਦਾ ਸੀ। ਜਤਿੰਦਰ ਕੁਮਾਰ ਦੇ ਪਿਤਾ ਮਹਿੰਦਰ ਸਿੰਘ ਪੰਜਾਬ ਪੁਲਿਸ ਤੋਂ ਰਿਟਾਇਰਡ ਸਨ। ਮਹਿੰਦਰ ਸਿੰਘ ਦੀ ਲਗਭਗ 6 ਮਹੀਨੇ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਉਨ੍ਹਾਂ ਦੇ ਪਰਿਵਾਰ ਵਿਚ ਸਿਰਫ ਮਾਂ ਬਿਮਲਾ ਦੇਵੀ ਹੀ ਬਚੀ ਹੈ। ਨਾਲ ਹੀ ਇਕ ਭਰਾ ਪ੍ਰਤੀਕ ਵੀ ਹੈ ਜੋ ਆਪਣੀ ਪਤਨੀ ਤੇ ਬੱਚਿਆਂ ਨਾਲ ਕੈਨੇਡਾ ਵਿਚ ਰਹਿੰਦਾ ਹੈ।
ਜਤਿੰਦਰ ਨੇ ਆਪਣੇ ਜੀਜੇ ਨੂੰ ਮੈਸੇਜ ਕੀਤਾ ਕਿ ਪਲੀਜ਼ ਘਰ ਜਾ ਕੇ ਮੰਮੀ ਨੂੰ ਸੰਭਾਲੋ। ਮੰਮੀ ਘਰ ਵਿਚ ਇਕੱਲੀ ਰਹਿ ਜਾਵੇਗੀ। ਘਟਨਾ ਮੌਕੇ ਜਤਿੰਦਰ ਤੇ ਉਸ ਦਾ ਪਰਿਵਾਰ ਪਹਿਲੀ ਮੰਜ਼ਿਲ ‘ਤੇ ਆਪਣੇ ਕਮਰੇ ਵਿਚ ਸੀ ਜਦੋਂ ਕਿ ਮਾਂ ਹੇਠਾਂ ਆਪਣੇ ਕਮਰੇ ਵਿਚ ਮੌਜੂਦ ਸੀ। ਮੈਸੇਜ ਮਿਲਦੇ ਹੀ ਉਹ ਘਰ ਪਹੁੰਚਿਆ ਤੇ ਆਪਣੀ ਸੱਸ ਨਾਲ ਗੱਲਬਾਤ ਕੀਤੀ। ਪੁਲਿਸ ਟੀਮ ਵੀ ਮੌਕੇ ‘ਤੇ ਪਹੁੰਚੀ ਤੇ ਜਦੋਂ ਦਰਵਾਜ਼ਾ ਖੋਲ੍ਹ ਕੇ ਦੇਖਿਆ ਤਾਂ ਤਿੰਨਾਂ ਦੀਆਂ ਲਾਸ਼ਾਂ ਪੱਖੇ ਨਾਲ ਲਟਕ ਰਹੀਆਂ ਸਨ।
ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀਆਂ ਹਨ। ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਨੂੰ ਘਟਨਾ ਵਾਲੀ ਥਾਂ ਤੋਂ ਸੁਸਾਈਡ ਨੋਟ ਵੀ ਮਿਲਿਆ ਹੈ ਤੇ ਪੁਲਿਸ ਉਸ ਦੀ ਜਾਂਚ ਕਰਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:











