Gobind Singh Longowal’s wife : ਸ਼੍ਰੋਮਣੀ ਗੁਰਦਆਰਾ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੂੰ ਉਸ ਸਮੇਂ ਸਦਮਾ ਲੱਗਾ ਜਦੋਂ ਉਨ੍ਹਾਂ ਦੀ ਧਰਮ ਪਤਨੀ ਬੀਬੀ ਅਮਰਪਾਲ ਕੌਰ ਦਾ ਦੇਹਾਂਤ ਹੋ ਗਿਆ। ਉਹ ਸੇਵਾ ਮੁਕਤ ਅਧਿਆਪਕਾ ਸਨ। ਬੀਬੀ ਅਮਰਪਾਲ ਕੌਰ ਧਾਰਮਿਕ ਵਿਚਾਰਾਂ ਦੇ ਮਾਲਕ ਸਨ ਅਤੇ ਸੇਵਾ ਲਈ ਹਮੇਸ਼ਾ ਤੱਤਪਰ ਰਹਿੰਦੇ ਸਨ। ਉਨ੍ਹਾਂ ਦੀ ਬੇਵਕਤੀ ਮੌਤ ਦੀ ਖ਼ਬਰ ਸੁਣ ਕੇ ਚਾਰੇ ਪਾਸੇ ਸੋਗ ਦੀ ਲਹਿਰ ਦੌੜ ਗਈ ਹੈ।
ਗੋਬਿੰਦ ਸਿੰਘ ਲੌਂਗੋਵਾਲ ਦੀ ਪਤਨੀ ਦਾ ਸਸਕਾਰ ਅੱਜ ਉਨ੍ਹਾਂ ਦੇ ਪਿੰਡ ਲੌਂਗੋਵਾਲ ਵਿਖੇ 10 ਵਜੇ ਕੀਤਾ ਜਾਵੇਗਾ। ਕੋਰੋਨਾ ਵਾਇਰਸ ਦੀ ਮਹਾਮਾਰੀ ਕਾਰਨ ਅੰਤਿਮ ਸਸਕਾਰ ਵਿਚ ਸਿਰਫ ਪਰਿਵਾਰ ਦੇ ਲੋਕ ਹੀ ਸ਼ਾਮਲ ਹੋਣਗੇ। ਨਾਲ ਹੀ ਗੋਬਿੰਦ ਸਿੰਘ ਲੌਂਗੋਵਾਲ ਨੇ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਮਹਾਮਾਰੀ ਕਾਰਨ ਕੋਈ ਵੀ ਸਸਕਾਰ ਵਿਚ ਸ਼ਾਮਲ ਨਾ ਹੋਵੇ। ਉਨ੍ਹਾਂ ਦੀ ਪਤਨੀ ਅਮਰਪਾਲ ਕੌਰ ਦੀ ਉਮਰ 60 ਸਾਲ ਦੀ ਸੀ। ਘਰ ਵਿਚ ਅਚਾਨਕ ਤਬੀਅਤ ਖਰਾਬ ਹੋਣ ਕਾਰਨ ਉਨ੍ਹਾਂ ਨੂੰ ਚੱਕਰ ਆ ਗਏ ਤੇ ਤੁਰੰਤ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਬੀ.ਆਈ.ਐੱਸ. ਚਾਹਲ ਨੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਪਤਨੀ ਸਰਦਾਰਨੀ ਅਮਰਪਾਲ ਕੌਰ ਦੇ ਦਿਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸ਼੍ਰੀ ਚਾਹਲ ਨੇ ਦੁਖੀ ਪਰਿਵਾਰ ਅਤੇ ਰਿਸ਼ਤੇਦਾਰਾਂ ਨਾਲ ਦਿਲੀ ਹਮਦਰਦੀ ਪ੍ਰਗਟ ਕਰਦਿਆਂ ਇਹ ਨਾ ਪੂਰਾ ਹੋਣ ਵਾਲਾ ਘਾਟਾ ਸਹਿਣ ਕਰਨ ਲਈ ਪਰਿਵਾਰ ਨੂੰ ਬਲ ਬਖਸ਼ਣ ਅਤੇ ਵਿਛੜੀ ਰੂਹ ਦੀ ਸ਼ਾਂਤੀ ਲਈ ਪ੍ਰਮਾਤਮਾ ਅੱਗੇ ਅਰਦਾਸ ਕੀਤੀ।