Gangster Jaggu Bhagwanpuria : ਗੁਰਦਾਸਪੁਰ ਜ਼ਿਲ੍ਹੇ ਨਾਲ ਸੰਬਧਿਤ ਗੈਂਗਸਟਰ ਜੱਗੂ ਭਗਵਾਨਪੁਰੀਆ ਜੋ ਇਸ ਸਮੇਂ ਪਟਿਆਲਾ ਜੇਲ੍ਹ ਵਿਚ ਬੰਦ ਹੈ ਨੂੰ 2 ਮਈ ਨੂੰ ਢਿੱਲਵਾਂ ਸਰਪੰਚ ਕਤਲ ਕਾਂਡ ਦੇ ਮਾਮਲੇ ਵਿਚ ਬਟਾਲਾ ਪੁਲਿਸ ਵਲੋਂ ਪਟਿਆਲੇ ਭੇਜਿਆ ਗਿਆ ਸੀ। ਅੱਜ ਉਸ ਦੇ ਕੋਰੋਨਾ ਵਾਇਰਸ ਦੀ ਰਿਪੋਰਟ ਪਾਜੀਟਿਵ ਆਈ ਹੈ। ਜੱਗੂ ਭਗਵਾਨਪੁਰੀਆ ਦੀ ਰਿਪੋਰਟ ਪਾਜੀਟਿਵ ਆਉਣ ਨਾਲ ਖੌਫ ਦਾ ਮਾਹੌਲ ਬਣਿਆ ਹੋਇਆ ਹੈ। ਗੁਰਦਾਸਪੁਰ ਵਿਖੇ ਅੱਜ 42 ਹੋਰ ਕੋਰੋਨਾ ਪਾਜੀਟਿਵ ਕੇਸ ਆਏ ਹਨ ਜਿਨ੍ਹਾਂ ਵਿਚੋਂ ਜੱਗੂ ਦੀ ਰਿਪੋਰਟ ਵੀ ਪਾਜੀਟਿਵ ਆਈ। ਇਸ ਦੀ ਜਾਣਕਾਰੀ ਸਿਵਲ ਸਰਜਨ ਡਾ. ਕ੍ਰਿਸ਼ਨ ਚੰਦ ਵਲੋਂ ਦਿੱਤੀ ਗਈ। ਜਿਲ੍ਹਾ ਗੁਰਦਾਸਪੁਰ ਵਿਖੇ ਕੋਰੋਨਾ ਪਾਜੀਟਿਵ ਮਰੀਜਾਂ ਦੀ ਗਿਣਤੀ ਹੁਣ 77 ਹੋ ਗਈ ਹੈ।
ਜੱਗੂ ਭਗਵਾਨਪੁਰੀਆ ਦੇ ਕਈ ਪੁਲਿਸ ਵਾਲਿਆਂ ਦੇ ਸੰਪਰਕ ‘ਚ ਆਉਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਭਗਵਾਨਪੁਰੀਆ ਬਟਾਲਾ ਪੁਲਿਸ ਕੋਲ ਰਿਮਾਂਡ ‘ਤੇ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਵੀ ਚਰਚਾ ਹੈ ਕਿ ਜੱਗੂ ਨਾਲ ਪੁੱਛ ਪੜਤਾਲ ਦੇ ਚਲਦਿਆਂ ਕਈ ਵੱਡੇ ਪੁਲਿਸ ਅਧਿਕਾਰੀ ਉਸਦੇ ਸੰਪਰਕ ਵਿਚ ਸਨ। ਇਥੇ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਿਆਦਾਤਰ ਕੇਸਾਂ ਦੀ ਸੁਣਵਾਈ ਕੋਰੋਨਾ ਵਾਇਰਸ ਕਾਰਨ ਵੀਡੀਓ ਕਾਨਫਰਸਿੰਗ ਰਾਹੀਂ ਹੋ ਰਹੀ ਹੈ ਤੇ ਅਜਿਹੀ ਹਾਲਤ ਵਿਚ ਜੱਗੂ ਭਗਵਾਨਪੁਰੀਆ ਨੂੰ ਜੇਲ ਤੋਂ ਬਾਹਰ ਕਿਉਂ ਲਿਆਇਆ ਗਿਆ। ਪੰਜਾਬ ਵਿਚ ਪਹਿਲਾਂ ਹੀ ਸਥਿਤੀ ਬਹੁਤ ਗੰਭੀਰ ਬਣੀ ਹੋਈ ਹੈ ਤੇ ਗੈਂਗਸਟਰ ਜੱਗੂ ਦੇ ਪਾਜੀਟਿਵ ਆਉਣ ਨਾਲ ਜੇਲ ਪ੍ਰਸ਼ਾਸਨ ਵਿਚ ਵੀ ਹੜਕੰਪ ਮਚ ਗਿਆ ਹੈ।