300th train carrying migrant: ਅੱਜ ਪਟਿਆਲਾ ਤੋਂ 300 ਵੀਂ ਰੇਲਗੱਡੀ ਰਵਾਨਾ ਹੋਣ ਨਾਲ, ਪੰਜਾਬ ਸਰਕਾਰ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ `ਤੇ ਹੁਣ ਤੱਕ 3,95,000 ਤੋਂ ਵੱਧ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਪਿੱਤਰੀ ਰਾਜਾਂ ਨੂੰ ਵਾਪਸ ਜਾਣ ਦੀ ਸਹੂਲਤ ਦਿੱਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨੋਡਲ ਅਧਿਕਾਰੀ ਵਿਕਾਸ ਪ੍ਰਤਾਪ ਨੇ ਦੱਸਿਆ ਕਿ ਅੱਜ ਕੁੱਲ 23 ਰੇਲ ਗੱਡੀਆਂ ਚੱਲ ਰਹੀਆਂ ਹਨ ਜਿਸ ਨਾਲ ਪਰਵਾਸੀ ਕਾਮਿਆਂ ਨੂੰ ਲੈ ਕੇ ਜਾਣ ਵਾਲੀਆਂ ਗੱਡੀਆਂ ਦੀ ਕੁੱਲ ਗਿਣਤੀ 311 ਹੋ ਗਈ ਹੈ ਅਤੇ ਪੰਜਾਬ ਇਸ ਸਬੰਧ ਮੋਹਰੀ ਸੂਬਾ ਬਣ ਗਿਆ ਹੈ। ਸੂਬਾ ਸਰਕਾਰ ਵੱਲੋਂ ਪਰਵਾਸੀ ਕਾਮਿਆਂ ਨੂੰ ਉਨ੍ਹਾਂ ਦੇ ਪਿੱਤਰੀ ਰਾਜ ਵਾਪਸ ਜਾਣ ਦੀ ਸਹੂਲਤ ਦੇਣ ਵਾਸਤੇ ਹੁਣ ਤੱਕ 21.8 ਕਰੋੜ ਰੁਪਏ ਖ਼ਰਚੇ ਗਏ ਹਨ। ਡਿਪਟੀ ਕਮਿਸ਼ਨਰ ਕੁਮਾਰ ਅਮਿਤ ਵੱਲੋਂ ਪਟਿਆਲੇ ਤੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤੀ ਗਈ 300 ਵੀਂ ਰੇਲਗੱਡੀ ਪ੍ਰਵਾਸੀਆਂ ਕਾਮਿਆਂ ਨੂੰ ਉੱਤਰ ਪ੍ਰਦੇਸ਼ ਵਿੱਚ ਉਨ੍ਹਾਂ ਦੇ ਘਰ ਲੈ ਕੇ ਜਾਏਗੀ।
ਕੁੱਲ 311 ਵਿਚੋਂ ਉੱਤਰ ਪ੍ਰਦੇਸ਼ ਨੂੰ ਸਭ ਤੋਂ ਵੱਧ 204 ਰੇਲਗੱਡੀਆਂ ਅਤੇ ਉਸ ਤੋਂ ਬਾਅਦ ਬਿਹਾਰ ਨੂੰ 82 ਰੇਲਗੱਡੀਆਂ ਪਰਵਾਸੀ ਕਾਮਿਆਂ ਨੂੰ ਲੈ ਕੇ ਰਵਾਨਾ ਹੋਈਆਂ ਹਨ। ਇਸੇ ਤਰ੍ਹਾਂ ਝਾਰਖੰਡ ਨੂੰ 9, ਮੱਧ ਪ੍ਰਦੇਸ਼ ਨੂੰ 7 ਅਤੇ ਛੱਤੀਸਗੜ ਅਤੇ ਪੱਛਮੀ ਬੰਗਾਲ ਨੂੰ 2-2 ਰੇਲਗੱਡੀਆਂ ਰਵਾਨਾ ਹੋਈਆਂ ਹਨ। ਇਸ ਤੋਂ ਇਲਾਵਾ ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਮਨੀਪੁਰ, ਤਾਮਿਲਨਾਡੂ ਅਤੇ ਉਤਰਾਖੰਡ ਨੂੰ ਇੱਕ-ਇੱਕ ਰੇਲ ਗੱਡੀ ਪਰਵਾਸੀ ਮਜ਼ਦੂਰਾਂ ਨੂੰ ਲੈ ਕੇ ਰਵਾਨਾ ਹੋਈ ਹੈ। ਪ੍ਰਵਾਸੀਆਂ ਮਜ਼ਦੂਰਾਂ ਦੀਆਂ ਮੁਸ਼ਕਿਲਾਂ ਘੱਟ ਕਰਨ ਲਈ ਸੂਬੇ ਵੱਲੋਂ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਦੀ ਵਚਨਬੱਧਤਾ ਦਾ ਭਰੋਸਾ ਦਿੰਦਿਆਂ ਉਨ੍ਹਾਂ ਕਿਹਾ ਕਿ ਘਰ ਵਾਪਸ ਜਾਣ ਵਾਲੇ ਸਾਰੇ ਲੋਕਾਂ ਨੂੰ ਉਨ੍ਹਾਂ ਦੇ ਸਫ਼ਰ ਲਈ ਭੋਜਨ, ਪਾਣੀ ਅਤੇ ਹੋਰ ਲੋੜੀਂਦੀਆਂ ਚੀਜ਼ਾਂ ਵੀ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ, ਇਨ੍ਹਾਂ ਸਾਰੇ ਰਾਜਾਂ ਲਈ ਨੋਡਲ ਅਧਿਕਾਰੀਆਂ ਦੀ ਨਿਯੁਕਤੀ ਕੀਤੀ ਗਈ ਹੈ ਜੋ ਪ੍ਰਵਾਸੀਆਂ ਦੀ ਉਨ੍ਹਾਂ ਦੇ ਗ੍ਰਹਿ ਰਾਜਾਂ ਨੂੰ ਸੁਰੱਖਿਅਤ ਵਾਪਸੀ ਦੀ ਸਹੂਲਤ ਲਈ ਦੂਜੇ ਰਾਜਾਂ ਵਿੱਚ ਆਪਣੇ ਹਮਰੁਤਬਾ ਨਾਲ ਸਰਗਰਮੀ ਨਾਲ ਸੰਪਰਕ ਵਿੱਚ ਹਨ ਅਤੇ ਪ੍ਰਵਾਸੀਆਂ ਦੀ ਲਾਜ਼ਮੀ ਡਾਕਟਰੀ ਜਾਂਚ ਲਈ ਡਿਪਟੀ ਕਮਿਸਨਰਜ਼ ਪੱਧਰ `ਤੇ ਟੀਮਾਂ ਦਾ ਗਠਨ ਕੀਤਾ ਗਿਆ ਹੈ।