We will not allow : ਕੈਪਟਨ ਅਮਰਿੰਦਰ ਸਿੰਘ ਨੇ ਸਰਹੱਦ ’ਤੇ ਵਧਦੇ ਤਣਾਅ ਦਾ ਕੂਟਨੀਤਕ ਤੌਰ ਉਤੇ ਹੱਲ ਕੱਢਣ ਦੀ ਵਕਾਲਤ ਕਰਨ ਦੇ ਨਾਲ ਹੀ ਸ਼ਨੀਵਾਰ ਨੂੰ ਚੀਨ ਨੂੰ ਚਿਤਾਵਨੀ ਦਿੱਤੀ ਕਿ ਉਹ ਭਾਰਤੀ ਸਰਹੱਦ ਅੰਦਰ ਘੁਸਪੈਠ ਦੀ ਕੋਸ਼ਿਸ਼ ਨਾ ਕਰੇ। ਉਨ੍ਹਾਂ ਕਿਹਾ ਕਿ ਗੁਆਂਢੀ ਮੁਲਕ ਦੀ ਇਸ ਧਮਕੀ ਦੇ ਬਾਵਜੂਦ ਭਾਰਤ ਪਿੱਛੇ ਨਹੀਂ ਹਟੇਗਾ। ਮੁੱਖ ਮੰਤਰੀ ਨੇ ਚੀਨ ਨੂੰ ਭਾਰਤ ਨੂੰ ਹਲਕੇ ਵਿੱਚ ਨਾ ਲੈਣ ਦੀ ਚਿਤਾਵਨੀ ਦਿੰਦਿਆਂ ਕਿਹਾ, ‘‘ਹਾਲਾਂਕਿ ਅਸੀਂ ਯੁੱਧ ਨਹੀਂ ਚਾਹੁੰਦੇ ਪਰ ਅਸੀਂ ਚੀਨ ਦੀ ਧੱਕੇਸ਼ਾਹੀ ਨੂੰ ਵੀ ਬਰਦਾਸ਼ਤ ਨਹੀਂ ਕਰਾਂਗੇ। ਇਹ 1962 ਨਹੀਂ ਹੈ।’’ ਉਨਾਂ ਇਕ ਗੱਲ ਸਪੱਸ਼ਟ ਕਰਦਿਆਂ ਕਿਹਾ ਕਿ ਜੇ ਚੀਨ ਨੇ ਅਜਿਹਾ ਵਤੀਰਾ ਬੰਦ ਨਾ ਕੀਤਾ ਤਾਂ ਉਸ ਨੂੰ ਇਸ ਦੀ ਭਾਰੀ ਕੀਮਤ ਭੁਗਤਣੀ ਪਵੇਗੀ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਚੀਨ ਭਾਰਤ ਨੂੰ ਸਰਹੱਦ ਦੇ ਨਾਲ ਆਪਣੀ ਸਾਈਡ ਕੋਈ ਵੀ ਇਮਾਰਤੀ ਢਾਂਚਾ ਉਸਾਰਨ ਤੋਂ ਨਹੀਂ ਰੋਕ ਸਕਦਾ। ਉਨ੍ਹਾਂ ਕਿਹਾ, ‘‘ਚੀਨੀ ਲੋਕ ਸਾਡੀ ਕੋਈ ਗੱਲ ਨਹੀਂ ਸੁਣਦੇ ਜਦੋਂ ਅਸੀਂ ਅਕਸਾਈ ਚੀਨ ਵਿੱਚ ਉਨਾਂ ਵੱਲੋਂ ਸਾਡੇ ਇਲਾਕੇ ਅੰਦਰ ਸੜਕਾਂ ਬਣਾਉਣ ਉਤੇ ਇਤਰਾਜ਼ ਕਰਦੇ ਹਾਂ ਪਰ ਹੁਣ ਜਦੋਂ ਅਸੀਂ ਆਪਣੇ ਇਲਾਕੇ ਵਿੱਚ ਇਕ ਸੜਕ ਬਣਾ ਰਹੇ ਹਾਂ ਤਾਂ ਉਹ ਉਤੇਜਕ ਹੋ ਗਏ।’’ ਮੁੱਖ ਮੰਤਰੀ ਨੇ ਪਾਕਿਸਤਾਨ ਨੂੰ ਵੀ ਸਖ਼ਤ ਚਿਤਾਵਨੀ ਦਿੱਤੀ ਜੋ ਡਰੋਨਾਂ ਦੀ ਵਰਤੋਂ ਅਤੇ ਹੋਰ ਢੰਗ-ਤਰੀਕੇ ਅਪਣਾ ਕੇ ਸਰਹੱਦ ਪਾਰੋਂ ਅਤਿਵਾਦੀਆਂ, ਹਥਿਆਰਾਂ ਅਤੇ ਨਸ਼ਿਆਂ ਨੂੰ ਧੱਕ ਕੇ ਪੰਜਾਬ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਗੜਬੜੀ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ।
ਉਨ੍ਹਾਂ ਕਿਹਾ ਕਿ ਮਜ਼ਬੂਤ ਸੁਰੱਖਿਆ ਢਾਂਚਾ ਜਿਸ ਵਿੱਚ ਬੀ.ਐਸ.ਐਫ., ਪੰਜਾਬ ਪੁਲਿਸ ਅਤੇ ਭਾਰਤੀ ਫੌਜ ਸ਼ਾਮਲ ਹਨ, ਪਾਕਿਸਤਾਨ ਤੋਂ 24 ਘੰਟੇ ਸਰਹੱਦ ਦੀ ਨਿਗਰਾਨੀ ਅਤੇ ਸੁਰੱਖਿਆ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਨੇ ਪਿਛਲੇ ਮਹੀਨਿਆਂ ਵਿੱਚ 32 ਅੱਤਵਾਦੀ ਮਡਿਊਲਾਂ ਦਾ ਪਰਦਾਫਾਸ਼ ਕੀਤਾ ਸੀ ਅਤੇ 200 ਤੋਂ ਵੱਧ ਹਥਿਆਰ ਜ਼ਬਤ ਕੀਤੇ ਸਨ। ਸਿੱਖਸ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂੰ ਦੀਆਂ ਪੰਜਾਬ ਵਿੱਚ ਲੋਕਾਂ ਨੂੰ ਭੜਕਾਉਣ ਅਤੇ ਗੜਬੜੀ ਪੈਦਾ ਕਰਨ ਕੋਸ਼ਿਸ਼ਾਂ ’ਤੇ ਕੈਪਟਨ ਅਮਰਿੰਦਰ ਨੇ ਕਿਹਾ ਕਿ ਉਹ ਕਿਸੇ ਵੀ ਵਿਦੇਸ਼ੀ ਅਨਸਰ ਨੂੰ ਪੰਜਾਬ ਦੀ ਸ਼ਾਂਤੀ ਭੰਗ ਕਰਨ ਦੀ ਆਗਿਆ ਨਹੀਂ ਦੇਣਗੇ। ਉਨ੍ਹਾਂ ਪੰਨੂੰ ਨੂੰ ਚਿਤਾਵਨੀ ਦਿੱਤੀ ਕਿ ਜੇ ਉਸ ਨੇ ਸੂਬੇ ਨੂੰ ਅਸਥਿਰ ਕਰਨ ਦੀਆਂ ਕੋਸ਼ਿਸ਼ਾਂ ਬੰਦ ਨਹੀਂ ਕੀਤੀਆਂ ਤਾਂ ਉਸ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ। ਇਸ ਗੱਲ ’ਤੇ ਜ਼ੋਰ ਦਿੰਦਿਆਂ ਕਿ ਪੰਨੂੰ ਜਿਹੇ ਲੋਕਾਂ ਨਾਲ ਕਿਵੇਂ ਨਜਿੱਠਣਾ ਹੈ ਉਹ ਚੰਗੀ ਤਰ੍ਹਾਂ ਜਾਣਦੇ। ਹਨ ਮੁੱਖ ਮੰਤਰੀ ਨੇ ਕਿਹਾ ਕਿ ਜੇ ਉਸ ਵਿੱਚ ਹਿੰਮਤ ਹੈ ਤਾਂ ਉਹ ਪੰਜਾਬ ਵਿੱਚ ਦਾਖ਼ਲ ਹੋ ਕੇ ਦਿਖਾਵੇ। ਕੈਪਟਨ ਅਮਰਿੰਦਰ ਨੇ ਕਿਹਾ ਕਿ ਸੂਬਾ ਪੰਨੂੰ ਅਤੇ ਉਸਦੀ ਪਾਬੰਦੀਸ਼ੁਦਾ ਸੰਗਠਨ ਤੋਂ ਕਿਸੇ ਵੀ ਖ਼ਤਰੇ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ।