Punjab Government issues : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਤਵਾਰ ਨੂੰ 8 ਜੂਨ 2020 ਤੋਂ ਕੇਂਦਰ ਸਰਕਾਰ ਵੱਲੋਂ ਆਨਲੌਕ 1.0 ਲਈ ਜਾਰੀ ਨਿਰਦੇਸ਼ਾਂ ਦੀ ਦਿਸ਼ਾ ਵਿੱਚ ਹੋਟਲ, ਪ੍ਰਾਹੁਣਚਾਰੀ ਸੇਵਾਵਾਂ, ਸ਼ਾਪਿੰਗ ਮਾਲ, ਧਾਰਮਿਕ ਸਥਾਨ ਅਤੇ ਬੈਠ ਕੇ ਖਾਣ ਲਈ ਰੈਸਟੋਰੈਂਟ ਖੋਲ੍ਹਣ ਲਈ ਸਪੱਸ਼ਟ ਨਿਰਧਾਰਤ ਸੰਚਾਲਨ ਵਿਧੀ (ਐੱਸ.ਓ.ਪੀਜ਼) ਤੇ ਦਿਸ਼ਾ ਨਿਰਦੇਸ਼ ਬਣਾਉਣ ਦੇ ਆਦੇਸ਼ ਦਿੱਤੇ ਹਨ। ਇਸ ਦੇ ਨਾਲ ਹੀ ਉਨ੍ਹਾਂ ਕੱਲ ਤੋਂ ਗੈਰ ਸੀਮਤ ਜ਼ੋਨਾਂ ਵਿੱਚ ਸ਼ਰਾਬ, ਹਜ਼ਾਮਤ, ਬਿਊਟੀ ਪਾਰਲਰ, ਸਪਾਅ ਆਦਿ ਦੀਆਂ ਦੁਕਾਨਾਂ ਖੋਲ੍ਹਣ ਦਾ ਐਲਾਨ ਕੀਤਾ ਹੈ। ਉਨ੍ਹਾਂ ਸਿਹਤ ਤੇ ਟਰਾਂਸਪੋਰਟ ਵਿਭਾਗ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ 1 ਜੂਨ ਤੋਂ 30 ਜੂਨ ਤੱਕ ਦੇ ਲੌਕਡਾਊਨ ਦੇ ਸਮੇਂ ਲਈ ਗੈਰ ਸੀਮਤ ਜ਼ੋਨਾਂ ਵਿੱਚ ਗਤੀਵਿਧੀਆਂ ਅਤੇ ਆਉਣ-ਜਾਣ ਦੀ ਇਜ਼ਾਜਤ ਦੇਣ ਲਈ ਵਿਸਥਾਰ ਵਿੱਚ ਨਿਰਧਾਰਤ ਸੰਚਾਲਨ ਵਿਧੀ ਲੈ ਕੇ ਆਉਣ।
ਸੀਮਤ ਜ਼ੋਨਾਂ ਵਿੱਚ ਸਿਰਫ ਜ਼ਰੂਰੀ ਸੇਵਾਵਾਂ ਦੀ ਹੀ ਆਗਿਆ ਦਿੱਤੀ ਜਾਵੇ। ਘੇਰੇ ਉਤੇ ਸਖਤੀ ਨਾਲ ਕੰਟਰੋਲ ਕੀਤਾ ਜਾਵੇ। ਅਜਿਹੇ ਜ਼ੋਨਾਂ ਦੀ ਸ਼ਨਾਖਤ ਜ਼ਿਲਾ ਅਥਾਰਟੀ ਵੱਲੋਂ ਭਾਰਤ ਸਰਕਾਰ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੀਆਂ ਦਿਸ਼ਾ ਨਿਰਦੇਸ਼ਾਂ ਨੂੰ ਧਿਆਨ ਵਿੱਚ ਰੱਖਦਿਆਂ ਹੀ ਕੀਤੀ ਜਾਵੇਗੀ। ਜ਼ਿਲਾ ਅਥਾਰਟੀ ਵੱਲੋਂ ਸੀਮਤ ਜ਼ੋਨਾਂ ਤੋਂ ਬਾਹਰ ਬਫਰ ਜ਼ੋਨਾਂ ਦੀ ਸ਼ਨਾਖਤ ਕੀਤੀ ਜਾਵੇਗੀ ਜਿੱਥੇ ਜੇ ਬੰਦਿਸ਼ਾਂ ਦੀ ਲੋੜ ਪਈ ਤਾਂ ਲਗਾਈਆਂ ਜਾ ਸਕਣਗੀਆਂ। ਸਾਰੀ ਗੈਰ ਜ਼ਰੂਰੀ ਗਤੀਵਿਧੀਆਂ ਲਈ ਵਿਅਕਤੀਗਤ ਆਉਣ-ਜਾਣ ਦੀਆਂ ਪਾਬੰਦੀਆਂ ਰਾਤ 9 ਵਜੇ ਤੋਂ ਸਵੇਰੇ 5 ਵਜੇ ਦੇ ਵਿਚਕਾਰ ਪਹਿਲਾਂ ਵਾਂਗ ਜਾਰੀ ਰਹਿਣਗੀਆਂ। ਕੇਂਦਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲਾ ਪ੍ਰਸ਼ਾਸਨ ਨੂੰ ਸੀ.ਆਰ.ਪੀ.ਸੀ. ਦੀ ਧਾਰਾ 144 ਤਹਿਤ ਪਾਬੰਦੀ ਦੇ ਹੁਕਮ ਜਾਰੀ ਕਰਨ ਅਤੇ ਇਨਾਂ ਦੀ ਸਖਤੀ ਨਾਲ ਪਾਲਣਾ ਦੇ ਆਦੇਸ਼ ਦਿੱਤੇ ਗਏ ਹਨ। ਮੁੱਖ ਮੰਤਰੀ ਦੀਆਂ ਹਦਾਇਤਾਂ ਮੁਤਾਬਕ ਇਕ ਜੂਨ ਤੋਂ ਮੇਨ ਬਾਜ਼ਾਰ ਵਿੱਚ ਦੁਕਾਨਾਂ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤੱਕ ਖੁੱਲ੍ਹੀਆਂ ਕਰਨਗੀਆਂ ਅਤੇ ਸ਼ਰਾਬ ਦੇ ਠੇਕੇ ਸਵੇਰੇ 8 ਵਜੇ ਤੋਂ ਸ਼ਾਮ 8 ਵਜੇ ਤੱਕ ਖੁੱਲ੍ਹੇ ਰਹਿਣਗੇ। ਮੇਨ ਬਾਜ਼ਾਰਾਂ, ਮਾਰਕੀਟ ਕੰਪਲੈਕਸਾਂ ਅਤੇ ਰੇਹੜੀ ਮਾਰਕੀਟਾਂ ਵਿੱਚ ਭੀੜ ਭੜੱਕਾ ਰੋਕਣ ਲਈ ਸਮੇਂ ਤੈਅ ਕਰਨ ਵਾਸਤੇ ਡਿਪਟੀ ਕਮਿਸ਼ਨਰਾਂ ਨੂੰ ਆਪਣੇ ਅਖਤਿਆਰ ਵਰਤਣ ਲਈ ਅਧਿਕਾਰਤ ਕੀਤਾ ਗਿਆ ਹੈ। ਸਿਹਤ ਵਿਭਾਗ ਵੱਲੋਂ ਜਾਰੀ ਕੀਤੀ ਜਾ ਰਹੀ ਨਿਰਧਾਰਤ ਸੰਚਾਲਨ ਵਿਧੀ ਦੀ ਪਾਲਣਾ ਦੀ ਸ਼ਰਤ ’ਤੇ ਹਜ਼ਾਮਤ ਦੀਆਂ ਦੁਕਾਨਾਂ, ਵਾਲ ਕੱਟਣ ਵਾਲੇ ਸੈਲੂਨ, ਬਿਊਟੀ ਪਾਰਲਰ ਅਤੇ ਸਪਾਅ ਭਲਕ ਤੋਂ ਖੋਲਣ ਦੀ ਇਜਾਜ਼ਤ ਹੈ।
ਜਿੱਥੋਂ ਤੱਕ ਬੱਸਾਂ ਦੀ ਅੰਤਰ-ਰਾਜੀ ਆਵਾਜਾਈ ਦਾ ਸਵਾਲ ਹੈ, ਟਰਾਂਸਪੋਰਟ ਵਿਭਾਗ ਵੱਲੋਂ ਜਾਰੀ ਕੀਤੇ ਜਾ ਰਹੇ ਐਸ.ਓ.ਪੀਜ਼ ਦੇ ਮੁਤਾਬਕ ਹੋਰਨਾਂ ਸੂਬਿਆਂ ਦੀ ਸਹਿਮਤੀ ਨਾਲ ਬੱਸਾਂ ਚਲਾਉਣ ਦੀ ਆਗਿਆ ਹੋਵੇਗੀ। ਟਰਾਂਸਪੋਰਟ ਵਿਭਾਗ ਵੱਲੋਂ ਬੱਸਾਂ ਦੀ ਅੰਤਰ-ਰਾਜੀ ਦੀ ਆਵਾਜਾਈ ਲਈ ਐਸ.ਓ.ਪੀ. ਜਾਰੀ ਕੀਤਾ ਜਾਵੇਗਾ। ਇਸੇ ਤਰਾਂ ਜ਼ਰੂਰੀ ਵਸਤਾਂ ਦੀ ਅੰਤਰ-ਰਾਜੀ ਆਵਾਜਾਈ ’ਤੇ ਬੰਦਿਸ਼ ਨਹੀਂ ਹੋਵੇਗੀ। ਇਸੇ ਤਰਾਂ ਰੇਲ ਗੱਡੀਆਂ ਦੀ ਅੰਤਰ-ਰਾਜੀ ਆਵਾਜਾਈ ਅਤੇ ਘਰੇਲੂ ਉਡਾਨਾਂ ਲਈ ਅੰਦਰੂਨੀ ਮੁਸਾਫਰਾਂ ਨੂੰ ਸਿਹਤ ਵਿਭਾਗ ਦੇ ਐਸ.ਓ.ਪੀਜ਼. ਦੀ ਪਾਲਣਾ ਕਰਨੀ ਹੋਵੇਗੀ ਅਤੇ ‘ਕੋਵਾ’ ਐਪ ਡਾਊਨਲੋਡ ਕਰਨ ਅਤੇ ਖੁਦ ਹੀ ‘ਈ-ਪਾਸ’ ਬਣਾਉਣ ਜਾਂ ਫਿਰ ਰੇਲਵੇ ਸਟੇਸ਼ਨ ’ਤੇ ਆਪਣੀ ਜਾਣਕਾਰੀ ਦੇਣੀ ਹੋਵੇਗੀ। ਮੁਸਾਫਰਾਂ ਨੂੰ 14 ਦਿਨਾਂ ਲਈ ਘਰੇਲੂ ਏਕਾਂਤਵਾਸ ਵਿੱਚ ਰੱਖਿਆ ਜਾਵੇਗਾ। ਪੇਂਡੂ ਅਤੇ ਸ਼ਹਿਰੀ ਦੋਵਾਂ ਖੇਤਰਾਂ ਵਿੱਚ ਸਾਰੀ ਕਿਸਮ ਦੇ ਉਦਯੋਗ, ਉਸਾਰੀ ਦੀਆਂ ਗਤੀਵਿਧੀਆਂ ਨਾਲ ਨਾਲ ਖੇਤੀਬਾੜੀ, ਬਾਗਬਾਨੀ, ਪਸ਼ੂ ਪਾਲਣ ਅਤੇ ਪਸ਼ੂਆਂ ਦੇ ਇਲਾਜ ਲਈ ਸੇਵਾਵਾਂ ਬਿਨਾਂ ਕਿਸੇ ਬੰਦਸ਼ ਦੇ ਚਲਾਉਣ ਦੀ ਪ੍ਰਵਾਨਗੀ ਹੋਵੇਗੀ। ਇਸ ਤੋਂ ਇਲਾਵਾ ਉਦਯੋਗਾਂ ਅਤੇ ਹੋਰ ਸਥਾਪਤੀਆਂ ਦੇ ਮੁੜ ਕੰਮ ਸ਼ੁਰੂ ਕਰਨ ਲਈ ਕਿਸੇ ਵੱਖਰੀ ਪ੍ਰਵਾਨਗੀ ਦੀ ਜ਼ਰੂਰਤ ਨਹੀਂ ਹੋਵੇਗੀ। ਕੇਂਦਰ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਹੜੀਆਂ ਗਤੀਵਿਧੀਆਂ ’ਤੇ ਇਸ ਗੇੜ ਦੌਰਾਨ 1 ਜੂਨ ਤੋਂ 30 ਜੂਨ ਤੱਕ ਪਾਬੰਦੀ ਹੋਵੇਗੀ ਉਨਾਂ ਵਿੱਚ ਸਿਨੇਮਾ ਹਾਲ, ਜ਼ਿਮਨੇਜ਼ੀਅਮ, ਸਵਿੰਮਿੰਗ ਪੂਲ, ਮਨੋਰੰਜਨ ਪਾਰਕ, ਥੀਏਟਰ, ਬਾਰ, ਆਡੀਟੋਰੀਅਮ, ਅੰਸੈਬਲੀ ਹਾਲ ਅਤੇ ਅਜਿਹੀਆਂ ਹੋਰ ਥਾਵਾਂ ਸ਼ਾਮਲ ਹਨ। ਸਮਾਜਿਕ/ਰਾਜਨੀਤਕ/ਖੇਡਾਂ/ਮਨੋਰੰਜਨ/ਅਕਾਦਮਿਕ/ਸਭਿਆਚਾਰਕ/ਧਾਰਮਿਕ ਸਮਾਗਮਾਂ ਅਤੇ ਹੋਰ ਇਕੱਠ ਕਰਨ ਦੀ ਆਗਿਆ ਨਹੀਂ ਹੈ। ਇਸ ਤੋਂ ਇਲਾਵਾ ਜਨਤਕ ਥਾਵਾਂ ’ਤੇ ਥੁੱਕਣ, ਸ਼ਰਾਬ ਪੀਣ, ਪਾਨ, ਤੰਬਾਕੂ ਆਦਿ ਦੀ ਪੂਰਨ ਪਾਬੰਦੀ ਹੋਵੇਗੀ ਭਾਵੇਂ ਇਨਾਂ ਦੀ ਵਿਕਰੀ ’ਤੇ ਕੋਈ ਪਾਬੰਦੀ ਨਹੀਂ ਹੋਵੇਗੀ।