Trump Tulsa rally journalist: ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪਿਛਲੇ ਹਫਤੇ ਟੁਲਸਾ ਵਿੱਚ ਹੋਈ ਰੈਲੀ ਵਿੱਚ ਸ਼ਾਮਿਲ ਹੋਣ ਵਾਲਾ ਇੱਕ ਪੱਤਰਕਾਰ ਕੋਰੋਨਾ ਤੋਂ ਸੰਕਰਮਿਤ ਪਾਇਆ ਗਿਆ ਹੈ । ਪੱਤਰਕਾਰ ਨੇ ਖੁਦ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੈ । ਓਕਲਾਹੋਮਾ ਵਾਚ ਦੇ ਪੱਤਰਕਾਰ ਪਾਲ ਮੋਨਿਸ ਨੇ ਦੱਸਿਆ ਕਿ ਉਸਨੂੰ ਸ਼ੁੱਕਰਵਾਰ ਨੂੰ ਆਪਣੇ ਪਾਜ਼ੀਟਿਵ ਹੋਣ ਬਾਰੇ ਜਾਣਕਾਰੀ ਮਿਲੀ ।
ਮੋਨੀਸ ਨੇ ਟਵੀਟ ਕੀਤਾ, “ਮੈਂ ਹੈਰਾਨ ਹਾਂ । ਮੇਰੇ ਵਿੱਚ ਅਜੇ ਤੱਕ ਕੋਈ ਲੱਛਣ ਨਹੀਂ ਹਨ ਅਤੇ ਮੈਂ ਠੀਕ ਮਹਿਸੂਸ ਕਰਦਾ ਹਾਂ। ਇੱਥੋਂ ਤੱਕ ਕਿ ਅੱਜ ਸਵੇਰੇ ਮੈਂ ਪੰਜ ਮੀਲ ਤੱਕ ਦੌੜਿਆ ।” ਮੋਨੀਸ ਨੇ ਕਿਹਾ ਕਿ ਉਹ ਸ਼ਨੀਵਾਰ ਨੂੰ ਬੀ.ਓ.ਕੇ ਸੈਂਟਰ ਵਿਖੇ ਕਰੀਬ ਛੇ ਘੰਟੇ ਰੈਲੀ ਵਿੱਚ ਸ਼ਾਮਿਲ ਰਿਹਾ ਅਤੇ ਉਸਨੇ ਮਾਸਕ ਵੀ ਪਾਇਆ ਸੀ ਅਤੇ ਸਮਾਜਿਕ ਦੂਰੀਆਂ ਦਾ ਵੀ ਪਾਲਣ ਕੀਤਾ ਸੀ । ਉਹ ਸਿਰਫ਼ ਕੁਝ ਖਾਣ ਪੀਣ ਲਈ ਭੀੜ ਵਿੱਚ ਸ਼ਾਮਿਲ ਹੋਇਆ ਸੀ। ਉਸਨੇ ਦੱਸਿਆ ਕਿ ਇਸ ਦੌਰਾਨ ਉਹ ਰਾਸ਼ਟਰਪਤੀ ਦੇ ਨੇੜੇ ਨਹੀਂ ਆਇਆ ।
ਇਸ ਸਬੰਧੀ ਓਕਲਾਹੋਮਾ ਸਿਟੀ-ਕਾਉਂਟੀ ਸਿਹਤ ਵਿਭਾਗ ਦੇ ਮਹਾਂਮਾਰੀ ਵਿਗਿਆਨੀ ਨੇ ਦੱਸਿਆ ਕਿ ਇਹ ਨਿਰਧਾਰਤ ਕਰਨਾ ਮੁਸ਼ਕਲ ਹੈ ਕਿ ਉਹ ਰੈਲੀ ਵਿੱਚ ਕੋਰੋਨਾ ਵਾਇਰਸ ਦੇ ਸੰਪਰਕ ਵਿੱਚ ਆਇਆ ਸੀ ਜਾਂ ਨਹੀਂ। ਮੋਨੀਸ ਨੇ ਕਿਹਾ, “ਮੈਂ ਵਿਸ਼ਵਾਸ ਨਾਲ ਇਹ ਨਹੀਂ ਕਹਿ ਸਕਦਾ ਕਿ ਰੈਲੀ ਵਿੱਚ ਮੈਂ ਕੋਰੋਨਾ ਵਾਇਰਸ ਦੇ ਸੰਪਰਕ ਵਿੱਚ ਆਇਆ ਹਾਂ।”
ਗੌਰਤਲਬ ਹੈ ਕਿ ਟਰੰਪ ਦੀ ਮੁਹਿੰਮ ਦੇ ਛੇ ਕਰਮਚਾਰੀ ਅਤੇ ਓਕਲਾਹੋਮਾ ਰੈਲੀ ਲਈ ਕੰਮ ਕਰ ਰਹੇ ਸੀਕਰੇਟ ਸਰਵਿਸ ਦੇ ਦੋ ਮੈਂਬਰ ਵੀ ਕੋਰੋਨਾ ਵਾਇਰਸ ਨਾਲ ਸੰਕਰਮਿਤ ਪਾਏ ਗਏ ਹਨ । ਓਕਲਾਹੋਮਾ ਵਿੱਚ ਪਿਛਲੇ ਹਫ਼ਤੇ ਕੋਵਿਡ -19 ਦੇ ਮਾਮਲਿਆਂ ਵਿੱਚ ਹਰ ਰੋਜ਼ ਵਾਧਾ ਹੋਇਆ ਹੈ।