Mansa district youth : ਮਾਨਸਾ : ਜਿਲ੍ਹਾ ਮਾਨਸਾ ਤੋਂ ਇੱਕ ਦੁਖਦਾਈ ਖਬਰ ਸਾਹਮਣੇ ਆਈ ਹੈ ਜਿਥੇ ਸਥਾਨਕ ਵਾਰਡ ਨੰਬਰ 8 ਦੇ ਰਹਿਣ ਵਾਲੇ ਫੌਜੀ ਜਸਵੰਤ ਸਿੰਘ ਪੁੱਤਰ ਘੁੱਕਰ ਸਿੰਘ ਚੀਨ ਦੇ ਬਾਰਡਰ ‘ਤੇ ਸ਼ਹੀਦ ਹੋ ਗਏ। ਮਿਲੀ ਜਾਣਕਾਰੀ ਮੁਤਾਬਕ ਜਸਵੰਤ ਸਿੰਘ ਆਪਣੀ ਡਿਊਟੀ ‘ਤੇ ਤਾਇਨਾਤ ਸਨ ਅਤੇ ਡਿਊਟੀ ਖਤਮ ਕਰਨ ਤੋਂ ਬਾਅਦ ਜਦੋਂ ਉਹ ਫੌਜ ਦੀ ਗੱਡੀ ਲੈ ਕੇ ਵਾਪਸ ਜਾ ਰਹੇ ਸਨ ਤਾਂ ਅਚਾਨਕ ਉਨ੍ਹਾਂ ਦੀ ਗੱਡੀ ਖੱਡ ‘ਚ ਜਾ ਡਿੱਗੀ ਤੇ ਉਹ ਹਾਦਸੇ ਦਾ ਸ਼ਿਕਾਰ ਹੋ ਗਏ ਅਤੇ ਉਨ੍ਹਾਂ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ।
ਜਸਵੰਤ ਸਿੰਘ ਅਰੁਣਾਚਲ ਪ੍ਰਦੇਸ਼ ਦੇ ਚੀਨ ਬਾਰਡਰ ‘ਤੇ 11 ਸਾਲ ਪਹਿਲਾਂ ਭਰਤੀ ਹੋਏ ਸਨ। ਪਿਛਲੇ ਸਾਲ ਹੀ ਉਨ੍ਹਾਂ ਦੀ ਡਿਊਟੀ ਇੰਡੀਅਨ ਤਿੱਬਤ ਬਾਰਡਰ ‘ਤੇ ਲਗਾਈ ਗਈ ਸੀ। ਉਹ ਥੋੜ੍ਹੀ ਦੇਰ ਪਹਿਲਾਂ ਹੀ 3 ਮਹੀਨੇ ਦੀ ਛੁੱਟੀ ਬਿਤਾ ਕੇ ਵਾਪਸ ਡਿਊਟੀ ‘ਤੇ ਗਏ ਸਨ ਤੇ ਹੁਣ ਉਨ੍ਹਾਂ ਨੇ ਦੁਬਾਰਾ ਛੁੱਟੀ ਲੈ ਕੇ ਵਾਪਸ ਘਰ ਆਉਣਾ ਸੀ ਪਰ ਇਸ ਤੋਂ ਪਹਿਲਾਂ ਹੀ ਇਹ ਭਿਆਨਕ ਹਾਦਸਾ ਵਾਪਰ ਗਿਆ ਅਤੇ ਉਹ ਮੌਤ ਦੇ ਮੂੰਹ ‘ਚ ਚਲੇ ਗਏ। ਜਸਵੰਤ ਸਿੰਘ ਦੀ ਮੌਤ ਦੀ ਖਬਰ ਸੁਣਦਿਆਂ ਹੀ ਭੀਖੀ ਇਲਾਕੇ ‘ਚ ਸੋਗ ਦੀ ਲਹਿਰ ਦੌੜ ਗਈ ਹੈ ਤੇ ਜਸਵੰਤ ਸਿੰਘ ਦੀ ਮ੍ਰਿਤਕ ਦੇਹ ਐਤਵਾਰ ਤਕ ਉਨ੍ਹਾਂ ਦੇ ਪਿੰਡ ਪਹੁੰਚ ਜਾਵੇਗੀ।