Bouncer shot dead by gangster : ਅੰਮ੍ਰਿਤਸਰ ਦੇ ਰੈਸਟੋਰੈਂਟ ਵਿੱਚ ਕੰਮ ਕਰਦੇ ਇਕ ਬਾਊਂਸਰ ਦਾ ਬੀਤੀ ਰਾਤ ਗੋਲੀਆਂ ਮਾਰ ਕੇ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਵਾਰਦਾਤ ਨੂੰ ਅੰਜਾਮ ਦੇਣ ਵਾਲੇ ਇਕ ਗੈਂਗਸਟਰ ਨੇ ਫੇਸਬੁੱਕ ’ਤੇ ਇਸ ਦੀ ਜ਼ਿੰਮੇਵਾਰੀ ਲਈ। ਇਸ ਦੇ ਨਾਲ ਹੀ ਗੈਂਗਸਟਰ ਨੇ ਆਪਣੇ ਦੂਸਰੇ ਵਿਰੋਧੀਆਂ ਨੂੰ ਵੀ ਫੇਸਬੁੱਕ ’ਤੇ ਧਮਕੀ ਦਿੱਤੀ ਹੈ। ਹਾਲਾਂਕਿ ਇਹ ਪਤਾ ਨਹੀਂ ਲੱਗਾ ਹੈ ਕਿ ਉਸ ਨੇ ਮ੍ਰਿਤਕ ਦਾ ਕਤਲ ਕਿਸ ਵਜ੍ਹਾ ਕਰਕੇ ਕੀਤਾ। ਮ੍ਰਿਤਕ ਦੀ ਪਛਾਣ ਜਗਰੂਪ ਸਿੰਘ ਉਰਫ਼ ਜੱਗਾ ਬਾਉਂਸਰ ਵਜੋਂ ਹੋਈ ਹੈ ਜੋਕਿ ਅੰਮ੍ਰਿਤਸਰ ਦੇ ਰਣਜੀਤ ਐਵੀਨਿਊ ਕੋਲ ਸਥਿਤ ਰੈਸਟੋਰੈਂਟ ਯੂਰੋਪੀਅਨ ਨਾਈਟਸ ਵਿੱਚ ਕੰਮ ਕਰਦਾ ਸੀ।
ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਇਹ ਕਤਲ ਪ੍ਰੀਤ ਸੇਖ਼ੋਂ ਨਾਂ ਦੇ ਇੱਕ ਗੈਂਗਸਟਰ ਵੱਲੋਂ ਕੀਤਾ ਗਿਆ ਹੈ, ਜੋਕਿ ਆਪਣੇ ਦੋ ਹੋਰ ਸਾਥੀਆਂ ਨਾਲ ਇਕ ਕਾਰ ਵਿੱਚ ਰੈਸਟੋਰੈਂਟ ਵਿੱਚ ਪੁੱਜਾ। ਪਹਿਲਾਂ ਉਹ ਰੈਸਟੋਰੈਂਟ ਵਿੱਚ ਥੋੜ੍ਹੀ ਦੇਰ ਰੁਕਿਆ ਫਿਰ ਜਾਣ ਵੇਲੇ ਉਸ ਨੇ ਜੱਗਾ ’ਤੇ ਗੋਲੀਆਂ ਚਲਾ ਦਿੱਤੀਆਂ। ਇਸ ਦੌਰਾਨ ਰੈਸਟੋਰੈਂਟ ਦੇ ਸਟਾਫ ਵੱਲੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਕਰ ਦਿੱਤਾ।
ਪੁਲਿਸ ਵੱਲੋਂ ਰੈਸਟੋਰੈਂਟ ਦੇ ਸਟਾਫ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਕੁਝ ਵਿਅਕਤੀਆਂ ਨੂੰ ਰਾਊਂਡ ਅਪ ਵੀ ਕੀਤਾ ਗਿਆ ਹੈ। ਗੈਂਗਸਟਰ ਪ੍ਰੀਤ ਸੇਖ਼ੋਂ ਨੇ ਇੱਕ ਫ਼ੇਸਬੁੱਕ ਪੋਸਟ ਰਾਹੀਂ ਇਸ ਕਤਲ ਦੀ ਜ਼ਿੰਮੇਵਾਰੀ ਲਈ ਹੈ। ਆਪਣੇ ਫ਼ੇਸਬੁੱਕ ਪੇਜ ’ਤੇ ਉਸ ਨੇ ਲਿਖ਼ਿਆ ਹੈ ਕਿ ’ਜਿਹੜਾ ਅੱਜ ਰਣਜੀਤ ਐਵਿਨਿਊ ਵਿੱਚ ਜੱਗਾ ਬਾਊਂਸਰ ਦਾ ਕੰਮ ਹੋਇਆ, ਉਹ ਅਸੀਂ ਕੀਤਾ। ਬਾਕੀ ਐਂਟੀ ਵੀ ਸਾਡੇ ਤਿਆਰ ਰਹਿਣ, ਨੰਬਰ ਉਹਨਾਂ ਦਾ ਵੀ ਆਉਣ ਵਾਲਾ ਜਲਦੀ।’ ਫਿਲਹਾਲ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ।