Akali Dal Condemns Congress Govt : ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਾਂਗਰਸ ਸਰਕਾਰ ਵੱਲੋਂ ਬੁਢਾਪਾ ਪੈਨਸ਼ਨਰਾਂ ਨੂੰ ’ਕਾਰਨ ਦੱਸੋ’ ਨੋਟਿਸ ਜਾਰੀ ਕਰ ਕੇ ਜਾਣ-ਬੁੱਝ ਕੇ ਤੰਗ-ਪ੍ਰੇਸ਼ਾਨ ਕਰਨ ਤੇ ਧਮਕਾਉਣ ਦੀ ਜ਼ੋਰਦਾਰ ਨਿਖੇਧੀ ਕੀਤੀ ਤੇ ਕਿਹਾ ਕਿ ਸਾਰੇ ਯੋਗ ਲਾਭਪਾਤਰੀਆਂ ਲਈ ਸਹੂਲਤ ਦੇਣ ਦੀ ਥਾਂ ਪੈਨਸ਼ਨ ਸੂਚੀਆਂ ਵਿਚ ਮਨਮਰਜ਼ੀ ਨਾਲ ਕਟੌਤੀ ਕੀਤੀ ਜਾ ਰਹੀ ਹੈ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਕਾਂਗਰਸ ਸਰਕਾਰ ਨਾ ਸਿਰਫ 2500 ਰੁਪਏ ਪ੍ਰਤੀ ਮਹੀਨਾ ਬੁੱਢਾਪਾ ਪੈਨਸ਼ਨ ਦੇਣ ਦੇ ਆਪਣੇ ਵਾਅਦੇ ਤੋਂ ਭੱਜ ਗਈ ਹੈ ਬਲਕਿ ਹੁਣ ਇਹ ਪੈਨਸ਼ਨ ਸੂਚੀ ਵਿਚ ਕਟੌਤੀ ਵੀ ਕਰ ਰਹੀ ਹੈ ਤਾਂ ਜੋ ਕਿ ਪੈਨਸ਼ਨ 200 ਰੁਪਏ ਤੋਂ ਵਧਾਉਣ ਮਗਰੋਂ ਸਕੀਮ ਲਈ ਯੋਜਨਾ ਨਾ ਹੋਣਾ ਯਕੀਨੀ ਬਣਾਇਆ ਜਾ ਸਕੇ। ਮਲੂਕਾ ਨੇ 2000 ਪੈਨਸ਼ਨਰਾਂ ਨੂੰ ’ਕਾਰਨ ਦੱਸੋ’ ਨੋਟਿਸ ਜਾਰੀ ਕੀਤੇ ਜਾਣ ਦੀ ਨਿਖੇਧੀ ਕਰਦਿਆਂ ਕਿਹਾ ਕਿ ਪਹਿਲਾਂ ਸਰਕਾਰ ਨੇ 70 ਹਜ਼ਾਰ ਲਾਭਪਾਤਰੀਆਂ ਤੋਂ ਪੈਨਸ਼ਨ ਦੀ ਸਹੂਲਤ ਵਾਪਸ ਲੈ ਲਈ ਤੇ ਹੁਣ ਗਰੀਬ ਵਿਰੋਧੀ ਤੇ ਮਨੁੱਖਤਾ ਵਿਰੋਧੀ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਪਿਛਲੇ ਕੁਝ ਮਹੀਨਿਆਂ ਵਿਚ ਜਿਨ੍ਹਾਂ ਦੀ ਪੈਨਸ਼ਨ ਕੱਟੀ ਗਈ ਹੈ, ਉਹ ਮੁੜ ਬਹਾਲ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਹ ਮਹਾਮਾਰੀ ਵੇਲੇ ਲੋਕਾਂ ਨਾਲ ਸਲੂਕ ਦਾ ਕੋਈ ਤਰੀਕਾ ਨਹੀਂ ਹੈ। ਇਸ ਨਾਲ ਸੀਨੀਅਰ ਸਿਟੀਜ਼ਨ ਜਿਨ੍ਹਾਂ ’ਤੇ ਫੈਸਲੇ ਦੀ ਮਾਰ ਪਈ ਹੈ, ਨੂੰ ਔਖਿਆਈ ਦਾ ਸਾਹਮਣਾ ਕਰਨਾ ਪਵੇਗਾ।
ਅਕਾਲੀ ਆਗੂ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਉਨ੍ਹਾਂ ਸਾਰੀਆਂ ਸਮਾਜਿਕ ਸੁਰੱਖਿਆ ਸਕੀਮਾਂ ਨੂੰ ਖੋਰ੍ਹਾ ਲਾਇਆ ਹੈ ਜੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਨੇ ਸ਼ੁਰੂ ਕੀਤੀਆਂ ਸਨ। ਇਨ੍ਹਾਂ ਵਿਚ ਸ਼ਗਨ ਸਕੀਮ ਤੇ ਆਟਾ-ਦਾਲ ਸਕੀਮ ਵੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਸਰਕਾਰ ਨੇ ਲੱਖਾਂ ਨੀਲੇ ਕਾਰਡ ਰੱਦ ਕਰ ਦਿੱਤੇ ਜਿਸ ਕਾਰਨ ਸਮਾਜ ਦੇ ਕਮਜ਼ੋਰ ਵਰਗ ਆਟਾ-ਦਾਲ ਸਕੀਮ ਦਾ ਲਾਭ ਲੈਣ ਤੋਂ ਵਾਂਝੇ ਹੋ ਗਏ। ਉਨ੍ਹਾਂ ਕਿਹਾ ਕਿ ਇਸੇ ਤਰੀਕੇ ਸ਼ਗਨ ਸਕੀਮ, ਜਿਸ ਵਿਚ ਪਹਿਲਾਂ ਆਰਥਿਕ ਤੌਰ ’ਤੇ ਕਮਜ਼ੋਰ ਵਰਗ ਦੀਆਂ ਧੀਆਂ ਸ਼ਾਮਲ ਸਨ, ਦੇ ਲਾਭਪਾਤਰੀਆਂ ਨੂੰ ਬੱਚਿਆਂ ਦੀ ਡਲੀਵਰੀ ਹੋਣ ਤੋਂ ਮਗਰੋਂ ਹੁਣ ਤੱਕ ਸ਼ਗਨ ਨਹੀਂ ਮਿਲਿਆ ਜਦਕਿ ਇਹ ਇਨ੍ਹਾਂ ਦੇ ਵਿਆਹ ਵੇਲੇ ਮਿਲਣਾ ਚਾਹੀਦਾ ਸੀ। ਮਲੂਕਾ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਬੁਢਾਪਾ ਪੈਨਸ਼ਨਰਾਂ ਨਾਲ ਵਿਤਕਰਾ ਬੰਦ ਕੀਤਾ ਤਾਂ ਫਿਰ ਅਕਾਲੀ ਦਲ ਸੰਘਰਸ਼ ਸ਼ੁਰੂ ਕਰੇਗਾ। ਉਨ੍ਹਾਂ ਕਿਹਾ ਕਿ ਪਾਰਟੀ ਲਾਭਪਾਤਰੀਆਂ ਨੁੰ ਮਾਮਲੇ ਵਿਚ ਨਿਆਂ ਹਾਸਲ ਕਰਨ ਵਿਚ ਵੀ ਮਦਦ ਕਰੇਗੀ।