The child used to reach school : ਬੱਸ ਦੇ ਕਾਰਨ ਉੜੀਸਾ ਦਾ ਇੱਕ ਬੱਚਾ ਰੋਜ਼ਾਨਾ ਸਕੂਲ ਪਹੁੰਚਣ ਵਿੱਚ ਲੇਟ ਹੋ ਜਾਂਦਾ ਸੀ, ਜਿਸ ਤੋਂ ਬਾਅਦ ਉੜੀਸਾ ਟਰਾਂਸਪੋਰਟ ਨੇ ਅਜਿਹਾ ਕਦਮ ਚੁੱਕਿਆ, ਜਿਸ ਤੋਂ ਬਾਅਦ ਲੋਕ ਹੁਣ ਉੜੀਸਾ ਟਰਾਂਸਪੋਰਟ ਦੀ ਪ੍ਰਸ਼ੰਸਾ ਕਰ ਰਹੇ ਹਨ। ਦਰਅਸਲ, ਇੱਕ ਸਕੂਲ ਦਾ ਵਿਦਿਆਰਥੀ ਬੱਸ ਦੇ ਬਦਲਦੇ ਸਮੇਂ ਕਾਰਨ ਰੋਜ਼ਾਨਾ ਸਕੂਲ ਜਾਣ ਲਈ ਲੇਟ ਹੋ ਜਾਂਦਾ ਸੀ। ਜਿਸ ਤੋਂ ਬਾਅਦ ਉੜੀਸਾ ਟਰਾਂਸਪੋਰਟ ਵਿਭਾਗ ਨੇ ਬੱਚੇ ਦੇ ਸਮੇਂ ਸਿਰ ਸਕੂਲ ਪਹੁੰਚਣ ਵਿੱਚ ਸਹਾਇਤਾ ਲਈ ਬੱਸ ਦੇ ਸਮੇਂ ‘ਚ ਤਬਦੀਲੀ ਕੀਤੀ ਹੈ। ਦੱਸ ਦੇਈਏ ਕਿ ਐਮ ਬੀ ਐਸ ਪਬਲਿਕ ਸਕੂਲ, ਭੁਵਨੇਸ਼ਵਰ ਦੇ ਸਾਈ ਅਨਵੇਸ਼ ਅੰਮ੍ਰਿਤਮ ਪ੍ਰਧਾਨ ਨਾਮ ਦੇ ਵਿਦਿਆਰਥੀ ਨੇ ਟਵੀਟ ਕਰ ਸ਼ਿਕਾਇਤ ਕੀਤੀ ਸੀ। ਅਨਵੇਸ਼ ਨੇ ਦੱਸਿਆ ਕਿ ਸਕੂਲ ਵਿਖੇ ਰਿਪੋਰਟਿੰਗ ਦਾ ਸਮਾਂ ਸਵੇਰੇ 07.30 ਵਜੇ ਹੈ, ਜਦਕਿ ਰੂਟ ਨੰਬਰ 13 ਉੱਤੇ ਪਹਿਲੀ ਬੱਸ ਲਿੰਗੀਪੁਰ ਤੋਂ ਸਵੇਰੇ 7:40 ਵਜੇ ਰਵਾਨਾ ਹੁੰਦੀ ਹੈ।
ਸਾਈ ਅਨਵੇਸ਼ ਨੇ ਆਪਣੇ ਟਵੀਟ ਵਿੱਚ ਅਰਬਨ ਟ੍ਰਾਂਸਪੋਰਟ ਭੁਵਨੇਸ਼ਵਰ (CRUT) ਅਤੇ ਇਸਦੇ ਮੈਨੇਜਿੰਗ ਡਾਇਰੈਕਟਰ ਆਈਪੀਐਸ ਅਧਿਕਾਰੀ ਅਰੁਣ ਬੋਥਰਾ ਨੂੰ ਟੈਗ ਕੀਤਾ। ਸਾਈ ਨੇ ਲਿਖਿਆ, ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਮੈਂ ਐਮ ਬੀ ਐਸ ਪਬਲਿਕ ਸਕੂਲ, ਭੁਵਨੇਸ਼ਵਰ ਦਾ ਵਿਦਿਆਰਥੀ ਹਾਂ। ਮੈਂ ਸਕੂਲ ਜਾਣ ਲਈ ਹਰ ਰੋਜ਼ ਮੋ ਬੱਸ ਦੀ ਵਰਤੋਂ ਕਰਦਾ ਹਾਂ। ਅੱਜ ਕੱਲ ਬੱਸਾਂ ਦਾ ਸਮਾਂ ਬਦਲਿਆ ਗਿਆ ਹੈ। ਮੈਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਮੈਂ ਬਹੁਤ ਸ਼ੁਕਰਗੁਜ਼ਾਰ ਹੋਵਾਂਗਾ ਜੇ ਇਸ ‘ਤੇ ਤੁਰੰਤ ਕਾਰਵਾਈ ਕੀਤੀ ਜਾਵੇ। ਸਾਈ ਦੇ ਟਵੀਟ ਤੋਂ ਕੁੱਝ ਘੰਟਿਆਂ ਬਾਅਦ, ਆਈਪੀਐਸ ਅਧਿਕਾਰੀ ਅਰੁਣ ਬੋਥਰਾ ਨੇ ਉੱਤਰ ਦਿੱਤਾ, “ਪਿਆਰੇ ਸਾਈ, ਇਹ ਬੱਸ ਤੁਹਾਡੇ ਵਰਗੇ ਯਾਤਰੀਆਂ ਕਾਰਨ ਚਲਦੀ ਹੈ। ਅਸੀਂ ਸੋਮਵਾਰ ਤੋਂ ਬੱਸ ਦਾ ਸਮਾਂ ਬਦਲ ਰਹੇ ਹਾਂ। ਹੁਣ ਪਹਿਲੀ ਬੱਸ ਸਵੇਰੇ 7 ਵਜੇ ਰਵਾਨਾ ਹੋਵੇਗੀ ਅਤੇ ਤੁਹਾਨੂੰ ਸਕੂਲ ਲਈ ਕਦੇ ਵੀ ਦੇਰੀ ਨਹੀਂ ਹੋਵੇਗੀ।” ਟਰਾਂਸਪੋਰਟ ਵਿਭਾਗ ਅਤੇ ਆਈਪੀਐਸ ਅਧਿਕਾਰੀ ਅਰੁਣ ਬੋਥਰਾ ਦੇ ਇਸ ਕਦਮ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀ ਪ੍ਰਸ਼ੰਸਾ ਹੋ ਰਹੀ ਹੈ।