Case filed against three firms : ਚੰਡੀਗੜ੍ਹ : ਦੂਜੇ ਰਾਜਾਂ ਤੋਂ ਕਣਕ ਲਿਆ ਕੇ ਪੰਜਾਬ ਰਾਜ ਦੀਆਂ ਮੰਡੀਆਂ ਵਿੱਚ ਵੇਚਣ ਦੀ ਕੋਸ਼ਿਸ਼ ਕਰ ਰਹੀਆਂ ਤਿੰਨ ਫਰਮਾਂ ਵਿਰੁੱਧ ਪੰਜਾਬ ਸਰਕਾਰ ਵੱਲੋਂ ਪਰਚੇ ਦਰਜ ਕਰਵਾ ਦਿੱਤੇ ਗਏ ਹਨ। ਉਕਤ ਜਾਣਕਾਰੀ ਅੱਜ ਇੱਥੇ ਦਿੰਦਿਆਂ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਦੱਸਿਆ ਕਿ ਵਿਭਾਗ ਦੀ ਟੀਮ ਵਲੋਂ ਬਠਿੰਡਾ ਦੀ ਦਾਣਾ ਮੰਡੀ ਵਿੱਚ ਸਥਿਤ ਮੈਸ: ਬਾਬੂ ਰਾਮ ਅਸ਼ੋਕ ਕੁਮਾਰ ਅਤੇ ਲਕਸ਼ਮੀ ਆਇਲ ਮਿਲ ਦੀ ਫੜ ‘ਤੇ 8000 ਦੇ ਕਰੀਬ ਗੱਟੇ ਕਣਕ ਪਏ ਹੋਏ ਸਨ ਜਿਸ ਤੇ ਉਥੇ ਮੌਜੂਦ ਲੇਬਰ ਤੋਂ ਪੁਛਗਿੱਛ ਕੀਤੀ ਗਈ ਤਾਂ ਇਹ ਪਤਾ ਲੱਗਾ ਕਿ ਇਹ ਕਣਕ ਉਤਰ ਪ੍ਰਦੇਸ਼ ਅਤੇ ਰਾਜਸਥਾਨ ਤੋਂ ਘੱਟ ਭਾਅ ’ਤੇ ਖਰੀਦ ਕੇ ਲਿਆਂਦੀ ਗਈ ਹੈ ਅਤੇ ਇਥੇ ਐਮ.ਐਸ. ਪੀ. ਤੇ ਵੇਚੀ ਜਾਣੀ ਹੈ। ਇਸ ਤੋਂ ਇਲਾਵਾ ਇਨ੍ਹਾਂ ਦੋਵਾਂ ਫਰਮਾਂ ਦੇ ਗੁਦਾਮਾਂ ਤੋਂ 17000 ਗੱਟੇ ਕਣਕ ਬਰਾਮਦ ਕੀਤੇ ਗਏ।
ਮੰਤਰੀ ਆਸ਼ੂ ਨੇ ਦੱਸਿਆ ਕਿ ਇਸ ਤੋਂ ਇਲਾਵਾ ਫਿਰੋਜ਼ਪੁਰ ਜ਼ਿਲ੍ਹੇ ਦੀ ਬੁਗਾ ਮੰਡੀ ਵਿਚ ਸਥਿਤ ਕਿਸ਼ਨ ਟ੍ਰੇਨਿੰਗ ਕੰਪਨੀ ਦੇ ਫੜ ਤੋਂ ਵੀ 8000-9000 ਗੱਟੇ ਬਰਾਮਦ ਹੋਏ ਹਨ । ਉਨ੍ਹਾਂ ਕਿਹਾ ਇਸ ‘ਤੇ ਤੁਰੰਤ ਕਾਰਵਾਈ ਕਰਦਿਆਂ ਤਿੰਨਾਂ ਫਰਮਾਂ ਵਿਰੁੱਧ ਪਰਚੇ ਦਰਜ ਕਰਵਾ ਦਿੱਤੇ ਗਏ ਹਨ। ਕੈਬਨਿਟ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਕਿਸੇ ਵੀ ਵਪਾਰੀ ਅਤੇ ਮੁਲਾਜ਼ਮ ਵਲੋਂ ਕਣਕ ਦੀ ਖਰੀਦ ਵਿਚ ਕੀਤੀ ਗਈ ਹੇਰਾਫੇਰੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪੰਜਾਬ ਸਰਕਾਰ ਵੱਲੋਂ ਬੋਗਸ ਬਿਲਿੰਗ ਦੇ ਮਾਮਲਿਆ ਨੂੰ ਸਖ਼ਤੀ ਨਾਲ ਨਜਿੱਠਣ ਲਈ ਜ਼ੀਰੋ ਟੋਲਰੈਂਸ ਦੀ ਨੀਤੀ ਅਪਣਾਈ ਜਾਵੇਗੀ।
ਉਨ੍ਹਾਂ ਕਿਹਾ ਕਿ ਸੂਬੇ ਦੇ ਸਾਰੇ ਜ਼ਿਲ੍ਹਾ ਕੰਟਰੋਲਰਾਂ ਅਤੇ ਜਿਲ੍ਹਾ ਮੰਡੀ ਅਫ਼ਸਰਾਂ ਨੂੰ ਸਪੱਸ਼ਟ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਦੂਸਰੇ ਰਾਜਾਂ ਤੋਂ ਘਟ ਭਾਅ ਤੇ ਖਰੀਦ ਕੇ ਸੂਬੇ ਵਿਚ ਐਮਐਸਪੀ/ ਵੱਧ ਭਾਅ ਤੇ ਵੇਚਣ ਲਈ ਲਿਆਉਂਦੇ ਜਾ ਰਹੇ ਟਰੱਕ ਤੇ ਕੜੀ ਨਜ਼ਰ ਰੱਖੀ ਜਾਵੇ ਅਤੇ ਤੁਰੰਤ ਕਾਰਵਾਹੀ ਕੀਤੀ ਜਾਵੇ। ਉਹਨਾਂ ਨੇ ਦੱਸਿਆ ਕਿ ਇਸ ਮੰਤਵ ਲਈ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ ਹੈ ਜੋ ਅਚਨਚੇਤ ਚੈਕਿੰਗ ਕਰਨਗੀਆ ਅਤੇ ਜੇਕਰ ਕੋਈ ਵਿਅਕਤੀ ਦੂਜੇ ਰਾਜਾਂ ਤੋਂ ਘੱਟ ਭਾਅ ਤੇ ਖਰੀਦ ਕੇ ਲਿਆਂਦੀ ਕਣਕ ਨੂੰ ਸੂਬੇ ਵਿਚ ਲਈ ਲਿਆਉਂਦਾ ਹੈ ਤਾਂ ਉਸ ਨੂੰ ਉਤਰਨ ਨਾ ਦਿੱਤਾ ਜਾਵੇ ਅਤੇ ਦੂਸਰੇ ਰਾਜਾਂ ਤੋਂ ਆਉਣ ਵਾਲੀਆਂ ਸੜਕਾਂ ਤੇ ਪੁਲਿਸ ਦੇ ਵਿਸ਼ੇਸ਼ ਨਾਕੇ ਸਥਾਪਤ ਕੀਤੇ ਜਾਣਗੇ ਤਾਂ ਜ਼ੋ ਦੂਜੇ ਰਾਜਾਂ ਤੋਂ ਘੱਟ ਭਾਅ ਤੇ ਕਣਕ ਖਰੀਦ ਕੇ ਲਿਆਉਣ ਵਾਲੇ ਟਰੱਕਾਂ ਨੂੰ ਰੋਕਿਆ ਜਾ ਸਕੇ।