Open boarding school : ਕੋਵਿਡ-19 ਦੀ ਗੰਭੀਰ ਸਥਿਤੀ ਨੂੰ ਦੇਖਦੇ ਹੋਏ ਸੂਬਾ ਸਰਕਾਰ ਵੱਲੋਂ ਸਖਤ ਕਦਮ ਚੁੱਕੇ ਜਾ ਰਹੇ ਹਨ ਤੇ ਇਸੇ ਤਹਿਤ ਪੰਜਾਬ ਸਰਕਾਰ ਵੱਲੋਂ ਸਾਰੇ ਸਕੂਲ, ਕਾਲਜ ਤੇ ਇੰਸਟੀਚਿਊਟਾਂ ਨੂੰ ਬੰਦ ਕੀਤਾ ਗਿਆ ਹੈ ਪਰ ਫਿਰ ਵੀ ਕੁਝ ਸਕੂਲਾਂ ਵੱਲੋਂ ਕੋਰੋਨਾ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਸੂਬੇ ਦੀ ਰਾਜਧਾਨੀ ਤੋਂ ਸਿਰਫ 25 ਕਿਲੋਮੀਟਰ ਦੀ ਦੂਰੀ ‘ਤੇ ਬਨੂੜ ਕੋਲ ਪਿੰਡ ਤੰਗੋਰੀ ‘ਚ ਇੱਕ ਬੋਰਡਿੰਗ ਸਕੂਲ ਨਿਯਮਾਂ ਦੀ ਉਲੰਘਣਾ ਕਰ ਰਿਹਾ ਹੈ। ਜਦੋਂ ਪ੍ਰਸ਼ਾਸਨ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਸਕੂਲ ਦੀ ਚੈਕਿੰਗ ਕੀਤੀ ਗਈ । ਇਸ ਤੋਂ ਇਲਾਵਾ, ਇਸ ਮੌਕੇ ਸਕੂਲ ਵਿਚ ਪੜ੍ਹ ਰਹੇ ਬੱਚਿਆਂ ਅਤੇ ਸਟਾਫ਼ ਦੇ ਕੋਰੋਨਾ ਟੈਸਟ ਕੀਤੇ ਗਏ। ਟੈਸਟ ਦੌਰਾਨ 42 ਬੱਚੇ ਅਤੇ ਤਿੰਨ ਸਟਾਫ ਮੈਂਬਰ ਕੋਰੋਨਾ ਪਾਜ਼ੀਟਿਵ ਪਾਏ ਗਏ। ਸਾਰੇ ਪਾਜੀਟਿਵ ਮਰੀਜ਼ਾਂ ਨੂੰ ਆਈਸੋਲੇਟ ਸੈਂਟਰ ਭੇਜ ਦਿੱਤਾ ਗਿਆ ਤੇ ਬਾਕੀਆਂ ਨੂੰ ਘਰ ਭੇਜ ਦਿੱਤਾ ਗਿਆ ਤੇ ਸਕੂਲ ਨੂੰ ਸੀਲ ਕਰ ਦਿੱਤਾ ਗਿਆ ਹੈ। ਸਕੂਲ ਦੇ ਡਾਇਰੈਕਟਰ ‘ਤੇ ਕੋਵਿਡ ਗਾਈਡਲਾਈਨ ਤੋੜਨ ਤਹਿਤ ਕੇਸ ਦਰਜ ਕੀਤਾ ਗਿਆ ਹੈ।ਡੀਸੀ ਗਿਰੀਸ਼ ਦਿਆਲਨ ਨੇ ਟਵੀਟ ਕਰਕੇ ਇਸ ਸਬੰਧੀ ਜਾਣਕਾਰੀ ਦਿੱਤੀ।
ਜ਼ਿਲ੍ਹਾ ਪ੍ਰਸ਼ਾਸਨ ਨੂੰ ਸ਼ਿਕਾਇਤ ਮਿਲੀ ਸੀ ਕਿ ਤੰਗੋਰੀ ਨੇੜੇ ਸਥਿਤ ਇਕ ਬੋਰਡਿੰਗ ਸਕੂਲ, ਕੈਰੀਅਰ ਪੁਆਇੰਟ ਗੁਰੂਕੁਲ ਕੋਵਿਡ ਨਿਯਮਾਂ ਦੀ ਉਲੰਘਣਾ ਕਰ ਰਿਹਾ ਹੈ। ਇੱਥੇ ਸੱਤ ਤੋਂ 12 ਸਾਲ ਦੇ ਬੱਚਿਆਂ ਨੂੰ ਪੜ੍ਹਾਇਆ ਜਾ ਰਿਹਾ ਸੀ। ਜਿਵੇਂ ਹੀ ਇਹ ਮਾਮਲਾ ਧਿਆਨ ਵਿੱਚ ਆਇਆ, ਪ੍ਰਸ਼ਾਸਨ ਦੀ ਤਰਫੋਂ ਸਿਹਤ, ਪੁਲਿਸ ਅਤੇ ਪ੍ਰਸ਼ਾਸਨ ਦੀ ਇੱਕ ਜਾਂਚ ਟੀਮ ਬਣਾਈ ਗਈ। ਟੀਮ ਪੂਰੀ ਤਿਆਰੀ ਨਾਲ ਸਕੂਲ ਪਹੁੰਚੀ। ਉਥੇ ਉਨ੍ਹਾਂ ਨੇ ਵੇਖਿਆ ਕਿ ਸਕੂਲ ਖੁੱਲ੍ਹਾ ਸੀ। ਇਸ ਤੋਂ ਬਾਅਦ ਸਾਰੇ ਬੱਚਿਆਂ ਅਤੇ ਅਧਿਆਪਕਾਂ ਦੇ ਕੋਰੋਨਾ ਟੈਸਟ ਕਰਵਾਏ ਗਏ। ਇਹ ਸਾਰੀ ਮੁਹਿੰਮ ਲਗਭਗ 7 ਘੰਟਿਆਂ ਵਿੱਚ ਪੂਰੀ ਹੋਈ।
ਹੋਸਟਲ ਵਿਚ ਰਹਿ ਰਹੇ 197 ਵਿਦਿਆਰਥੀਆਂ ਅਤੇ 20 ਅਧਿਆਪਕਾਂ ਲਈ ਟੈਸਟ ਕੀਤੇ ਗਏ ਸਨ। ਲਾਗ ਵਾਲੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਆਈਸੋਲੇਟ ਕੇਂਦਰ ਭੇਜਿਆ ਗਿਆ ਸੀ। ਇਸ ਨਾਲ ਸਾਰੇ ਬੱਚਿਆਂ ਦੇ ਮਾਪਿਆਂ ਨਾਲ ਸੰਪਰਕ ਕੀਤਾ ਗਿਆ। ਇਹ ਪਤਾ ਲੱਗਿਆ ਹੈ ਕਿ ਇਹ ਸੰਸਥਾ ਦੇਸ਼ ਮੰਨੀਆਂ-ਪ੍ਰਮੰਨੀਆਂ ਸੰਸਥਾਵਾਂ ਵਿਚੋਂ ਇੱਕ ਹੈ। ਇਸ ਸਮੇਂ ਮੁਹਾਲੀ ਦਾ ਇਕ ਵੀ ਵਿਦਿਆਰਥੀ ਇਥੇ ਨਹੀਂ ਪੜ੍ਹ ਰਿਹਾ ਸੀ। ਸੰਸਥਾ ਵਿੱਚ ਦੁਬਈ, ਹਰਿਆਣਾ, ਗੁਜਰਾਤ ਅਤੇ ਹੋਰ ਥਾਵਾਂ ਦੇ ਵਿਦਿਆਰਥੀ ਪੜ੍ਹ ਰਹੇ ਸਨ।