ਵਿਦੇਸ਼ ਜਾ ਕੇ ਵੱਸਣ ਦੀ ਇੱਛਾ ਨੇ ਪੰਜਾਬ ਦੇ ਕਈ ਘਰ ਤਬਾਹ ਕਰ ਦਿੱਤੇ। ਕਿਤੇ ਕੁੜੀਆਂ ਵਿਆਹ ਕਰਾ ਕੇ ਉਥੇ ਜਾ ਕੇ ਪਤੀ ਨੂੰ ਬੁਲਾਉਣ ਤੋਂ ਮੁਕਰ ਗਈਆਂ ਤੇ ਕੁਝ ਵਿਦੇਸ਼ਾਂ ਵਿੱਚ ਬੈਠ ਕੇ ਭਾਰਤ ਬੈਠੇ ਆਪਣੇ ਪਤੀਆਂ ਤੋਂ ਮੰਗਾਂ ਕਰ ਰਹੀਆਂ ਹਨ। ਅਜਿਹਾ ਹੀ ਇੱਕ ਮਾਮਲਾ ਮਾਮਲਾ ਸਮਰਾਲਾ ਦੇ ਪਿੰਡ ਗੋਸਲਾਂ ਤੋਂ ਸਾਹਮਣੇ ਆਇਆ, ਜਿੱਥੇ ਕੈਨੇਡਾ ‘ਚ ਰਹਿੰਦੀ ਪਤਨੀ ਤੋਂ ਦੁਖੀ ਹੋ ਕੇ ਪਤੀ ਨੇ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਕੈਨੇਡਾ ਰਹਿੰਦੀ ਪਤਨੀ ਉਹਨਾਂ ਦੇ ਮੁੰਡੇ ਨੂੰ ਤੰਗ ਪ੍ਰੇਸ਼ਾਨ ਕਰਦੀ ਸੀ।
ਮ੍ਰਿਤਕ ਗਗਨਦੀਪ ਸਿੰਘ (22) ਦੇ ਪਿਤਾ ਸੋਹਣ ਸਿੰਘ ਨੇ ਦੱਸਿਆ ਕਿ 31 ਮਈ ਨੂੰ ਉਹ ਸਕੂਲ ‘ਚੋਂ ਸੇਵਾਮੁਕਤ ਹੋਏ ਸੀ ਤਾਂ ਉਹ ਸਕੂਲ ‘ਚ ਕਾਗਜੀ ਕਾਰਵਾਈ ਲਈ ਗਏ ਸਨ। ਮਗਰੋਂ ਉਹਨਾਂ ਦੀ ਨੂੰਹ ਦੇ ਪਿਤਾ ਦਾ ਫੋਨ ਆਇਆ ਕਿ ਗਗਨਦੀਪ ਉਹਨਾਂ ਦਾ ਫੋਨ ਨਹੀਂ ਚੁੱਕ ਰਿਹਾ। ਜਦੋਂ ਉਹਨਾਂ ਨੇ ਆਪਣੇ ਲੜਕੇ ਨੂੰ ਫੋਨ ਕੀਤਾ ਤਾਂ ਉਸਦਾ ਫੋਨ ਵੀ ਗਗਨਦੀਪ ਨੇ ਨਾ ਚੁੱਕਿਆ। ਉਹ ਤੁਰੰਤ ਘਰ ਪਹੁੰਚੇ ਤਾਂ ਵੇਖਿਆ ਕਿ ਗਗਨਦੀਪ ਨੇ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ। ਗਗਨਦੀਨ ਨੇ ਇਹ ਖੁਦਕੁਸ਼ੀ ਮੋਬਾਇਲ ‘ਤੇ ਆਪਣੀ ਪਤਨੀ ਨਾਲ ਗੱਲਬਾਤ ਮਗਰੋਂ ਕੀਤੀ।
ਸੋਹਣ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਮੁੰਡੇ ਦੇ ਵਿਆਹ ‘ਤੇ ਕਰੀਬ 20 ਲੱਖ ਰੁਪਏ ਖਰਚ ਕੀਤੇ ਸੀ। ਹੁਣ ਜੁਲਾਈ ‘ਚ ਉਸ ਦੀ ਫਾਈਲ ਕੈਨੇਡਾ ਲਾਈ ਜਾਣੀ ਸੀ। ਕੈਨੇਡਾ ਰਹਿੰਦੀ ਨੂੰਹ ਉਸ ਦੇ ਮੁੰਡੇ ਕੋਲੋਂ ਮੋਬਾਇਲ ਤੇ ਹੋਰ ਮੰਗਾਂ ਕਰ ਰਹੀ ਸੀ। ਇਸ ਤੋਂ ਦੁਖੀ ਕੇ ਗਗਨਦੀਪ ਨੇ ਖੁਦਕੁਸ਼ੀ ਕਰ ਲਈ।
ਮ੍ਰਿਤਕ ਦੀ ਭੈਣ ਕਿਰਨਦੀਪ ਕੌਰ ਅਤੇ ਚਚੇਰੇ ਭਰਾ ਅਮਨਦੀਪ ਸਿੰਘ ਨੇ ਦੱਸਿਆ ਕਿ ਸਤੰਬਰ 2021 ‘ਚ ਗਗਨਦੀਪ ਦੀ ਪਤਨੀ ਸਿਮਰਨਜੀਤ ਕੌਰ ਕੈਨੇਡਾ ਗਈ ਸੀ। ਵਿਆਹ ਤੋਂ ਲੈ ਕੇ ਕੈਨੇਡਾ ਤੱਕ ਦਾ ਸਾਰਾ ਖਰਚ ਉਹਨਾਂ ਵੱਲੋਂ ਕੀਤਾ ਗਿਆ। ਕੈਨੇਡਾ ਜਾ ਕੇ ਵੀ ਸਿਮਰਨਜੀਤ ਕੌਰ ਲਗਾਤਾਰ ਪੈਸਿਆਂ ਦੀ ਮੰਗ ਕਰਦੀ ਰਹੀ। ਜਿਸ ਤੋਂ ਦੁਖੀ ਹੋ ਕੇ ਗਗਨਦੀਪ ਨੇ ਖੁਦਕੁਸ਼ੀ ਕਰ ਲਈ।
ਪੁਲਸ ਨੇ ਪਰਿਵਾਰ ਵਾਲਿਆਂ ਦੇ ਬਿਆਨ ਦਰਜ ਕਰ ਲਏ ਸੀ। ਜਾਂਚ ਅਧਿਕਾਰੀ ਬਲਦੇਵ ਸਿੰਘ ਨੇ ਦੱਸਿਆ ਕਿ ਫਿਲਹਾਲ ਕਿਸੇ ਦੇ ਖਿਲਾਫ ਕੋਈ ਮੁਕੱਦਮਾ ਦਰਜ ਨਹੀਂ ਕੀਤਾ ਗਿਆ। ਗਗਨਦੀਪ ਦੇ ਪਰਿਵਾਰ ਕੋਲੋਂ ਸਬੂਤ ਮੰਗੇ ਗਏ ਹਨ ਅਤੇ ਮੋਬਾਈਲ ਕਾਲ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਕਿਸੇ ਤਰ੍ਹਾਂ ਦਾ ਕੋਈ ਸੁਸਾਇਡ ਨੋਟ ਨਹੀਂ ਮਿਲਿਆ ਹੈ। ਫਿਲਹਾਲ ਪੁਲਸ ਨੇ ਧਾਰਾ 174 ਦੀ ਕਾਰਵਾਈ ਕਰਦੇ ਹੋਏ ਪੋਸਟਮਾਰਟਮ ਮਗਰੋਂ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -: