ਪੰਜਾਬ ਵਿਚ ਪਿਛਲੇ ਕੁਝ ਦਿਨਾਂ ਤੋਂ ਸੰਘਣੀ ਧੁੰਦ ਪੈ ਰਹੀ ਹੈ ਜਿਸ ਕਾਰਨ ਸੜਕ ਹਾਦਸੇ ਵੀ ਵਧਦੇ ਜਾ ਰਹੇ ਹਨ। ਅਜਿਹਾ ਹੀ ਇਕ ਵੱਡਾ ਹਾਦਸਾ ਮੋਗਾ ਵਿਖੇ ਵਾਪਰਿਆ ਜਿਥੇ ਧੁੰਦ ਕਾਰਨ ਪੈਦਲ ਜਾ ਰਹੇ ਇਕ ਨੌਜਵਾਨ ਦੀ ਵਾਹਨ ਦੀ ਲਪੇਟ ‘ਚ ਆਉਣ ਨਾਲ ਮੌਤ ਹੋ ਗਈ।
ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਏਐੱਸਆਈ ਰਛਪਾਲ ਸਿੰਘ ਨੇ ਦੱਸਿਆ ਕਿ ਪਿੰਡ ਧੱਲੇਕੇ ਵਾਸੀ ਜਗਜੀਤ ਸਿੰਘ ਦੇ ਬਿਆਨਾਂ ਵਿਚ ਕਿਹਾ ਕਿ 26 ਸਾਲ ਦਾ ਭਰਾ ਮਾਨਾ ਸਿੰਘ ਮੋਗਾ ਤਪਤੇਜ ਸਿੰਘ ਮਾਰਕੀਟ ਸਥਿਤ ਕੱਪੜੇ ਦੀ ਦੁਕਾਨ ‘ਤੇ ਕੰਮ ਕਰਦਾ ਸੀ। ਸ਼ੁੱਕਰਵਾਰ ਨੂੰ ਉਹ ਕੰਮ ‘ਤੇ ਗਿਆ ਸੀਤੇ ਦੇਰ ਰਾਤ ਤੱਕ ਵਾਪਸ ਘਰ ਨਹੀਂ ਪਰਤਿਆ।ਸਵੇਰੇ 5 ਵਜੇ ਕਿਸੇ ਵਿਅਕਤੀ ਨੇ ਭਰਾ ਨੂੰ ਖੂਨ ਨਾਲ ਲੱਥਪੱਥ ਪਿਆ ਦੇਖਿਆ। ਪਰਿਵਾਰ ਵਾਲਿਆਂ ਨੂੰ ਬੁਲਾਇਆ ਗਿਆ ਤੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਹਾਲਾਤ ਦਾ ਜਾਇਜ਼ਾ ਲਿਆ ਤਾਂ ਪਤਾ ਲੱਗਾ ਕਿ ਨੌਜਵਾਨ ਦੀ ਹਾਦਸੇ ਵਿਚ ਮੌਤ ਹੋਈ ਹੈ।