ਕਪੂਰਥਲਾ ‘ਚ ਪੁਲਿਸ ਨੇ ਲੁੱਟ-ਖੋਹ ਦੀਆਂ ਵਾਰਦਾਤਾਂ ਕਰਨ ਵਾਲੀਆਂ 6 ਵਿਦੇਸ਼ੀ ਔਰਤਾਂ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 384, 506 ਅਤੇ 341 ਤਹਿਤ ਕੇਸ ਦਰਜ ਕੀਤਾ ਗਿਆ ਹੈ। ਦਲਜੀਤ ਸਿੰਘ ਵਾਸੀ ਹਨੂੰਮਾਨਗੜ੍ਹ (ਰਾਜਸਥਾਨ) ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਹ ਰਾਤ ਨੂੰ ਡੋਗਰਾ ਢਾਬੇ ਤੋਂ ਖਾਣਾ ਖਾਣ ਮਗਰੋਂ ਚਲਾ ਗਿਆ ਸੀ। ਥੋੜ੍ਹੀ ਦੇਰ ਬਾਅਦ ਉਸ ਦੀ ਮੁਲਾਕਾਤ ਇੱਕ ਵਿਦੇਸ਼ੀ ਔਰਤ ਨਾਲ ਹੋਈ। ਉਹ ਉਸ ਨੂੰ ਇੱਕ ਪਾਸੇ ਹਨੇਰੇ ਵਿੱਚ ਲੈ ਗਈ। ਉੱਥੇ ਪੰਜ ਹੋਰ ਵਿਦੇਸ਼ੀ ਔਰਤਾਂ ਪਹਿਲਾਂ ਹੀ ਮੌਜੂਦ ਸਨ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦਲਜੀਤ ਨੇ ਦੱਸਿਆ ਕਿ ਇਨ੍ਹਾਂ ਔਰਤਾਂ ਨੇ ਤੇਜ਼ਧਾਰ ਹਥਿਆਰ ਦਿਖਾ ਕੇ ਉਸ ਕੋਲੋਂ ਸਾਰਾ ਸਾਮਾਨ ਲੁੱਟ ਲਿਆ।
ਥਾਣਾ ਸਤਨਾਮਪੁਰਾ ਦੇ ਐਸਐਚਓ ਗੌਰਵ ਧੀਰ ਨੇ ਦੱਸਿਆ ਕਿ ਐਸਐਸਪੀ ਕਪੂਰਥਲਾ ਵਤਸਲਾ ਗੁਪਤਾ ਅਤੇ ਐਸਪੀ ਫਗਵਾੜਾ ਰੁਪਿੰਦਰ ਕੌਰ ਭੱਟੀ ਦੀਆਂ ਹਦਾਇਤਾਂ ’ਤੇ ਪੁਲਿਸ ਪਾਰਟੀ ਨੇ ਸ਼ਰਾਰਤੀ ਅਨਸਰਾਂ ਖ਼ਿਲਾਫ਼ ਕਾਰਵਾਈ ਕਰਨ ਲਈ ਡੋਗਰਾ ਢਾਬੇ ਨੇੜੇ ਨਾਕਾਬੰਦੀ ਕੀਤੀ ਅਤੇ ਦਲਜੀਤ ਦੀ ਸ਼ਿਕਾਇਤ ’ਤੇ ਭੋਲੇ-ਭਾਲੇ ਲੋਕਾਂ ਨੂੰ ਲੁੱਟਣ ਵਾਲੀਆਂ 6 ਵਿਦੇਸ਼ੀ ਔਰਤਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਹ ਵਿਦੇਸ਼ੀ ਔਰਤਾਂ ਭੋਲੇ-ਭਾਲੇ ਲੋਕਾਂ ਨੂੰ ਆਪਣੇ ਝਾਂਸੇ ਵਿੱਚ ਫਸਾ ਕੇ ਲੁੱਟਦੀਆਂ ਸਨ। ਬਾਅਦ ਵਿਚ ਧਮਕੀ ਦਿੰਦੀਆਂ ਸਨ ਕਿ ਜੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਤਾਂ ਉਹ ਝੂਠਾ ਕੇਸ ਦਰਜ ਕਰਵਾ ਦੇਣਗੀਆਂ।
ਇਹ ਵੀ ਪੜ੍ਹੋ : ਸ਼ਹਿਬਾਜ਼ ਸ਼ਰੀਫ ਦੂਜੀ ਵਾਰ ਬਣੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ, ਭਲਕੇ ਚੱਕਣਗੇ ਸਹੁੰ
ਗੌਰਵ ਧੀਰ ਨੇ ਦੱਸਿਆ ਕਿ ਇਨ੍ਹਾਂ ਔਰਤਾਂ ਦੇ ਪਾਸਪੋਰਟ ਅਤੇ ਵੀਜ਼ੇ ਦੀ ਜਾਂਚ ਕੀਤੀ ਜਾਵੇਗੀ। ਇਹ ਵੀ ਪਤਾ ਲਗਾਇਆ ਜਾਵੇਗਾ ਕਿ ਕੀ ਉਹ ਵਿਦਿਆਰਥਣਾਂ ਹਨ ਜਾਂ ਫਿਰ ਲੁੱਟ-ਖੋਹ ਦੇ ਮਕਸਦ ਨਾਲ ਇੱਥੇ ਰਹਿ ਰਹੀਆਂ ਹਨ। ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਫਗਵਾੜਾ ਪੁਲਿਸ ਨੇ ਦੇਹ ਵਪਾਰ ਰੈਕੇਟ ਦਾ ਪਰਦਾਫਾਸ਼ ਕੀਤਾ ਸੀ। ਪੁਲਿਸ ਨੇ 26 ਔਰਤਾਂ ਅਤੇ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਸੀ।
ਵੀਡੀਓ ਲਈ ਕਲਿੱਕ ਕਰੋ -: