ਮੋਗਾ ਦੇ ਪਿੰਡ ਬੁੱਟਰ ਵਿਚ ਬਿਜਲੀ ਦਾ ਕੰਮ ਕਰਦੇ ਸਮੇਂ 11 ਹਜ਼ਾਰ ਕੇਵੀ ਦੀਆਂ ਹਾਈ ਵੋਲਟੇਜ ਤਾਰਾਂ ਦੀ ਚਪੇਟ ਵਿਚ ਆਉਣ ਨਾਲ 22 ਸਾਲਾ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਪਿੰਡ ਰਾਨੀਆਂ ਵਾਸੀ ਮਨਪ੍ਰੀਤ ਸਿੰਘ (22) ਵਜੋਂ ਹੋਈ ਹੈ।
ਜਾਣਕਾਰੀ ਮੁਤਾਬਕ ਮਨਪ੍ਰੀਤ ਸਿੰਘ ਪਿੰਡ ਬੁੱਟਰ ਵਾਸੀ ਸਰਨਾਮ ਸਿੰਘ ਦੇ ਨਵੇਂ ਬਣ ਰਹੇ ਮਕਾਨ ਵਿਚ ਪਾਈਰ ਫਿਟਿੰਗ ਦਾ ਕੰਮ ਕਰ ਰਿਹਾ ਸੀ ਕੰਮ ਦੌਰਾਨ ਜਦੋਂ ਉਹ ਛੱਤ ‘ਤੇ ਕਟਰ ਚਲਾ ਰਿਹਾ ਸੀ ਉਦੋਂ ਮਕਾਨ ਤੋਂ ਉਪਰੋਂ ਲੰਘ ਰਹੀ 11 ਹਜ਼ਾਰ ਕੇਵੀ ਦੀ ਬਿਜਲੀ ਦੀ ਤਾਰ ਨਾਲ ਉਸ ਦਾ ਸਿਰ ਟਕਰਾ ਗਿਆ। ਤੇਜ਼ ਕਰੰਟ ਲੱਗਣ ਨਾਲ ਮਨਪ੍ਰੀਤ ਸਿੰਘ ਛੱਤ ਤੋਂ ਹੇਠਾਂ ਡਿੱਗ ਗਿਆ। ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ। ਮੌਕੇ ‘ਤੇ ਮੌਜੂਦ ਲੋਕਾਂ ਨੇ ਤੁਰੰਤ 108 ਐਂਬੂਲੈਂਸ ਦੀ ਮਦਦ ਨਾਲ ਉਸ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਪਹੁੰਚਾਇਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਹਾਦਸੇ ਨੂੰ ਲੈ ਕੇ ਮਕਾਨ ਮਾਲਕ ਸਤਨਾਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਦੇ ਉਪਰੋਂ 11 ਹਜ਼ਾਰ ਕੇਵੀ ਦੀ ਬਿਜਲੀ ਲਾਈਨ ਲੰਘ ਰਹੀ ਹੈ ਤੇ ਇਕ ਖੰਭਾ ਕਾਫੀ ਹੇਠਾਂ ਹੋਣ ਕਾਰਨ ਉਨ੍ਹਾਂ ਨੂੰ ਪਹਿਲਾਂ ਤੋਂ ਹੀ ਕਿਸੇ ਵੱਡੇ ਹਾਦਸੇ ਦਾ ਡਰ ਸੀ। ਉਨ੍ਹਾਂ ਦੱਸਿਆ ਕਿ ਲਗਭਗ 2 ਮਹੀਨੇ ਪਹਿਲਾਂ ਬੱਧਨੀ ਕਲਾਂ ਬਿਜਲੀ ਵਿਭਾਗ ਨੂੰ ਲਿਖਿਤ ਸ਼ਿਕਾਇਤ ਵੀ ਦਿੱਤੀ ਗਈ ਸੀ ਪਰ ਵਿਭਾਗ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਅੱਜ ਉਸੇ ਲਾਪ੍ਰਵਾਹੀ ਕਾਰਨ ਉਨ੍ਹਾਂ ਦੇ ਘਰ ਇਹ ਹਾਦਸਾ ਹੋ ਗਿਆ। ਸਰਨਾਮ ਸਿੰਘ ਨੇ ਇਹ ਵੀ ਦੱਸਿਆ ਕਿ ਸਵੇਰੇ ਜਦੋਂ ਮਨਪ੍ਰੀਤ ਸਿੰਘ ਕੰਮ ਕਰਨ ਆਇਆ ਸੀ ਤਾਂ ਉਸ ਨੂੰ ਛੱਤ ‘ਤੇ ਮੌਜੂਦ ਹਾਈ ਵੋਲਟੇਜ ਤਾਰਾਂ ਨੂੰ ਲੈ ਕੇ ਸਾਵਧਾਨੀ ਵਰਤਣ ਨੂੰ ਕਿਹਾ ਗਿਆ ਸੀ ਪਰ ਬਦਕਿਸਮਤੀ ਨਾਲ ਕੰਮ ਦੌਰਾਨ ਗਲਤੀ ਹੋ ਗਈ ਤੇ ਹਾਦਸਾ ਵਾਪਰ ਗਿਆ।
ਇਹ ਵੀ ਪੜ੍ਹੋ : ਪੰਜਾਬ ਦੇ 15 ਜ਼ਿਲ੍ਹਿਆਂ ਲਈ ਮੌਸਮ ਵਿਭਾਗ ਵੱਲੋਂ ਯੈਲੋ ਅਲਰਟ ਜਾਰੀ, ਪਵੇਗੀ ਸੰਘਣੀ ਧੁੰਦ, ਚੱਲਣਗੀਆਂ ਤੇਜ਼ ਹਵਾਵਾਂ
ਮਨਪ੍ਰੀਤ ਸਿੰਘ ਦੇ ਪਿਤਾ ਅੰਗਰੇਜ਼ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਲਗਭਗ 8 ਵਜੇ ਮਨਪ੍ਰੀਤ ਸਿੰਘ ਘਰ ਤੋਂ ਕੰਮ ਲਈ ਨਿਕਲਿਆ ਸੀ ਪਰ ਇਹ ਨਹੀਂ ਸੀ ਪਤਾ ਕਿ ਉਹ ਕਿਥੇ ਕੰਮ ਕਰਨ ਗਿਆ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਦੋ ਪੁੱਤ ਹਨ ਜਿਨ੍ਹਾਂ ਵਿਚੋਂ ਸਿਰਫ ਮਨਪ੍ਰੀਤ ਸਿੰਘ ਹੀ ਕੰਮ ਕਰਦਾ ਸੀ ਤੇ ਬਦਕਿਸਮਤੀ ਨਾਲ ਅੱਜ ਉਸ ਨਾਲ ਵੀ ਹਾਦਸਾ ਵਾਪਰ ਗਿਆ। ਮਾਮਲੇ ਵਿਚ ਪੁਲਿਸ ਨੇ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ‘ਤੇ ਜਾ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -:
























