Ludhiana Married woman suicide:ਲੁਧਿਆਣਾ ਵਿੱਚ ਇਕ ਵਿਆਹੁਤਾ ਨੇ ਵਿਆਹ ਤੋਂ 18 ਮਹੀਨਿਆਂ ਬਾਅਦ ਹੀ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਜਾਣਕਾਰੀ ਮੁਤਾਬਕ ਮ੍ਰਿਤਕਾਂ ਨੇ ਆਪਣੇ ਪਤੀ ਤੋਂ ਦੁਖੀ ਹੋ ਕੇ ਇਹ ਕਦਮ ਚੁੱਕਿਆ। ਮੌਕੇ ‘ਤੇ ਪਹੁੰਚੀ ਸਲੇਮ ਟਾਬਰੀ ਪੁਲਿਸ ਨੇ ਦੋਸ਼ੀ ਪਤੀ ਖਿਲਾਫ ਮਾਮਲਾ ਦਰਜ ਕੀਤਾ ਅਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।
ਪੁਲਸ ਕੋਲ ਮਾਮਲਾ ਦਰਜ ਕਰਵਾਉਣ ਪਹੁੰਚੇ ਜੋਗਿੰਦਰ ਸਿੰਘ, ਜੋ ਕਿ ਮ੍ਰਿਤਕ ਮੀਰਾ ਦਾ ਮਾਮਾ ਹੈ, ਉਸ ਨੇ ਦੱਸਿਆ ਕਿ ਮ੍ਰਿਤਕਾ ਦਾ ਪਰਿਵਾਰ ਗੋਰਖਪੁਰ (ਉੱਤਰ ਪ੍ਰਦੇਸ਼) ਦੇ ਪਿੰਡ ਸਿਕਰੀਗੰਜ ਵਿੱਚ ਰਹਿੰਦਾ ਹੈ। ਲਗਭਗ 18 ਮਹੀਨੇ ਪਹਿਲਾਂ ਮ੍ਰਿਤਕ ਦਾ ਵਿਆਹ ਦੋਸ਼ੀ ਪਿੰਟੂ ਨਾਲ ਹੋਇਆ ਸੀ ਅਤੇ ਇਨ੍ਹਾਂ ਦੀ 4 ਮਹੀਨਿਆਂ ਦੀ ਇਕ ਬੇਟੀ ਵੀ ਹੈ। ਦੋਸ਼ੀ ਲੇਬਰ ਦਾ ਕੰਮ ਕਰਦਾ ਹੈ। ਵਿਆਹ ਤੋਂ ਬਾਅਦ ਪਿੰਟੂ ਨੇ ਮੀਰਾ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ, ਜਿਸ ਕਾਰਨ ਅਕਸਰ ਮੀਰਾ ਆਪਣੇ ਮਾਪਿਆਂ ਨੂੰ ਫੋਨ ਕਰਕੇ ਦੱਸਦੀ ਸੀ। ਬੀਤੇ ਦਿਨ ਮੰਗਲਵਾਰ ਨੂੰ ਜਦੋਂ ਘਰ ਵਿੱਚ ਮੀਰਾ ਇਕੱਲੀ ਸੀ ਤਾਂ ਉਸ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਜੋਗਿੰਦਰ ਸਿੰਘ ਨੇ ਦੋਸ਼ ਲਾਇਆ ਹੈ ਕਿ ਦੋਸ਼ੀ ਪਿੰਟੂ ਨੇ ਜਦੋਂ ਘਰ ਪਹੁੰਚਿਆ ਤਾਂ ਉਸ ਨੇ ਮੀਰਾ ਦੀ ਲਾਸ਼ ਪੱਖੇ ਨਾਲ ਲਟਕਦੀ ਹੋਈ ਦੇਖੀ। ਦੋਸ਼ੀ ਨੇ ਖੁਦ ਲਾਸ਼ ਪੱਖੇ ਨਾਲੋਂ ਉਤਾਰੀ ਅਤੇ ਇਸ ਸਬੰਧੀ ਨਾ ਤਾਂ ਪੁਲਿਸ ਨੂੰ ਜਾਣਕਾਰੀ ਦਿੱਤੀ ਅਤੇ ਨਾ ਹੀ ਪਰਿਵਾਰਿਕ ਮੈਂਬਰਾਂ ਨੂੰ ਦੱਸਿਆ ਜਦਕਿ ਇਸ ਘਟਨਾ ਦੀ ਜਾਣਕਾਰੀ ਮੁਹੱਲੇ ਦੇ ਲੋਕਾਂ ਨੇ ਪੁਲਸ ਅਤੇ ਪਰਿਵਾਰਿਕ ਮੈਂਬਰਾਂ ਤੱਕ ਪਹੁੰਚਆਈ। ਦੂਜੇ ਪਾਸੇ ਏ.ਐੱਸ.ਆਈ. ਜਗਦੇਵ ਸਿੰਘ ਨੇ ਦੱਸਿਆ ਹੈ ਕਿ ਦੋਸ਼ੀ ਨੂੰ ਅੱਜ ਭਾਵ ਵੀਰਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ।