Two unidentified scooter : ਟਾਂਡਾ ਉੜਮੁੜ : ਸ਼ੁੱਕਰਵਾਰ ਰਾਤ ਪਿੰਡ ਢਡਿਆਲਾ ਵਿਖੇ ਇੱਕ ਨਿਹੰਗ ਸਿੰਘ ਦੇ ਘਰ ‘ਤੇ ਦੋ ਅਣਪਛਾਤੇ ਵਿਅਕਤੀਆਂ ਨੇ ਹਥਿਆਰਾਂ ਸਮੇਤ ਗੋਲ਼ੀਆਂ ਚਲਾ ਦਿੱਤੀਆਂ। ਉਕਤ ਨਿਹੰਗ ਤਰਨਾ ਦਲ ਬਾਬਾ ਬਕਾਲਾ ਨਾਲ ਸਬੰਧਤ ਹਨ। ਉਹ ਇਸ ਹਮਲੇ ‘ਚ ਬਹੁਤ ਮੁਸ਼ਕਲ ਨਾਲ ਬਚੇ। ਟਾਂਡਾ ਪੁਲਿਸ ਨੇ ਦੋ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਉਕਤ ਹਮਲਾਵਰ ਸਕੂਟਰ ‘ਤੇ ਸਵਾਰ ਹੋ ਕੇ ਆਏ ਸਨ। ਹਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਨਿਹੰਗ ਸੇਵਾਦਾਰ ਹਰਪਿੰਦਰ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਪਿੰਡ ਢਡਿਆਲਾ ਥਾਣਾ ਟਾਂਡਾ ਨੇ ਦੱਸਿਆ ਕਿ ਬੀਤੀ ਰਾਤ ਉਹ ਆਪਣੇ ਘਰ ਪਰਿਵਾਰ ਨਾਲ ਮੌਜੂਦ ਸੀ। ਲਗਭਗ 9.30 ਵਜੇ ਉਨ੍ਹਾਂ ਦੀ ਪਤਨੀ ਨੂੰ ਘਰ ਦੇ ਗੇਟ ‘ਤੇ ਦੋ ਅਣਪਛਾਤੇ ਵਿਅਕਤੀ ਖੜ੍ਹੇ ਨਜ਼ਰ ਆਏ ਤਾਂ ਉਸ ਨੇ ਹਰਪਿੰਦਰ ਸਿੰਘ ਨੂੰ ਆਵਾਜ਼ ਮਾਰੀ।
ਮੌਕੇ ‘ਤੇ ਹਰਪਿੰਦਰ ਸਿੰਘ ਬਾਹਰ ਆਇਆ ਤਾਂ ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ ਦੇ ਘਰ ‘ਤੇ ਹਥਿਆਰ ਨਾਲ ਪੰਜ ਫਾਇਰ ਕਰ ਦਿੱਤੇ। ਹਰਪਿੰਦਰ ਸਿੰਘ ਨੇ ਦੌੜ ਕੇ ਘਰ ਅੰਦਰ ਵੜ ਕੇ ਜਾਨ ਬਚਾਈ। ਹਮਲਾਵਰ ਵਲੋਂ ਕੀਤੇ ਫਾਇਰ ਉਨ੍ਹਾਂ ਦੇ ਗੇਟ, ਮਕਾਨ ਦੀ ਗਰਿਲ ‘ਤੇ ਗੁਰੂ ਸਾਹਿਬ ਦੇ ਕਮਰੇ ਦੀ ਅਲਮਾਰੀ ‘ਚ ਵੱਜੇ ਤੇ ਸ਼ੀਸ਼ਾ ਵੀ ਟੁੱਟ ਗਿਆ। ਹਰਪਿੰਦਰ ਸਿੰਘ ਨੇ ਦੱਸਿਆ ਕਿ ਉਸ ਨੂੰ ਪਹਿਲਾਂ ਵੀ ਕਿਸੇ ਨਿਹੰਗ ਜਥੇਬੰਦੀ ਦੇ ਨਿਹੰਗਾਂ ਵਲੋਂ ਫੋਨ ‘ਤੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ ਤੇ ਇਹ ਹਮਲਾ ਉਸ ਨੂੰ ਜਾਨ ਤੋਂ ਮਾਰਨ ਦੀ ਨੀਅਤ ਨਾਲ ਕੀਤਾ ਗਿਆ ਹੈ। ਘਟਨਾ ਦੀ ਸੂਚਨਾ ਮਿਲਣ ‘ਤੇ ਡੀਐੱਸਪੀ ਟਾਂਡਾ ਦਲਜੀਤ ਸਿੰਘ ਖੱਖ ਤੇ ਐੱਸਐੱਚਓ ਟਾਂਡਾ ਬਿਕਰਮ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚੇ ਤੇ ਜਾਂਚ ਪੜਤਾਲ ਤੋਂ ਬਾਅਦ ਦੋ ਅਣਪਛਾਤੇ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਤੇ ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।