Case of burning : ਅੰਮ੍ਰਿਤਸਰ ਦੇ ਕੱਥੂਨੰਗਲ ‘ਚ 24 ਤਰੀਖ ਨੂੰ ਇੱਕ ਜੇਠਾਣੀ ਨੇ ਆਪਣੀ ਹੀ ਦਰਾਣੀ ਦਾ ਬਹੁਤ ਹੀ ਦਰਦਨਾਕ ਤਰੀਕੇ ਨਾਲ ਕਤਲ ਕਰ ਦਿੱਤਾ ਤੇ ਕਤਲ ਤੋਂ ਬਾਅਦ ਲਾਸ਼ ਨੂੰ ਸਾੜ ਦਿੱਤਾ। ਹਰਵਿੰਦਰ ਕੌਰ ਦੇ ਕਤਲ ਦੀ ਗੁੱਥੀ ਨੂੰ ਪੁਲਿਸ ਨੇ ਸੁਲਝਾ ਲਿਆ ਹੈ ਤੇ ਇਸ ਮਾਮਲੇ ‘ਚ ਰਾਜਵਿੰਦਰ ਕੌਰ ਤੇ ਉਸ ਦੇ ਪ੍ਰੇਮੀ ਮਨਦੀਪ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਿਸ ਨੇ ਦੋਵਾਂ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਥੇ ਇਹ ਦੱਸਣਯੋਗ ਹੈ ਕਿ ਰਾਜਵਿੰਦਰ ਕੌਰ ਹਰਵਿੰਦਰ ਕੌਰ ਦੀ ਜੇਠਾਣੀ ਹੈ ਅਤੇ ਉਸ ਦੇ ਸਬੰਧ ਪਿੰਡ ਦੇ ਹੀ ਮਨਦੀਪ ਸਿੰਘ ਨਾਲ ਸਨ ਜੋ ਕਿ ਉਸ ਦੀ ਦਰਾਣੀ ਨੂੰ ਬਿਲਕੁਲ ਪਸੰਦ ਨਹੀਂ ਸੀ। 24 ਤਰੀਕ ਨੂੰ ਮ੍ਰਿਤਕਾ ਹਰਵਿੰਦਰ ਕੌਰ ਆਪਣੀ ਜੇਠਾਣੀ ਦੇ ਘਰ ਗਈ ਤੇ ਉਸ ਸਮੇਂ ਰਾਜਵਿੰਦਰ ਕੌਰ (ਜੇਠਾਣੀ) ਦਾ ਪ੍ਰੇਮੀ ਘਰ ‘ਚ ਹੀ ਮੌਜੂਦ ਸੀ। ਇਸੇ ਕਾਰਨ ਆਪਣੇ ਪਾਪ ਨੂੰ ਲੁਕਾਉਣ ਖਾਤਰ ਜੇਠਾਣੀ ਨੇ ਦਰਾਣੀ ਦਾ ਮੂੰਹ ਬੰਦ ਕਰਨਾ ਸਹੀ ਸਮਝਿਆ। ਇਸ ਲਈ ਉਸ ਨੇ ਦਰਾਣੀ ਨੂੰ ਇਕ ਕਮਰੇ ‘ਚ ਬੁਲਾਇਆ ਤੇ ਗਲਾ ਦਬਾ ਕੇ ਉਸ ਦੀ ਹੱਤਿਆ ਕਰ ਦਿੱਤੀ ਤੇ ਇਸ ਤੋਂ ਬਾਅਦ ਫਿਲਮੀ ਸਟਾਈਲ ‘ਚ ਜੇਠਾਣੀ ਨੇ ਆਪਣੀ ਦਰਾਣੀ ਨੂੰ ਆਪਣਾ ਸੂਟ ਪੁਆ ਦਿੱਤਾ ਤੇ ਨਾਲ ਹੀ ਇੱਕ ਸੁਸਾਈਡ ਨੋਟ ਵੀ ਛੱਡ ਦਿੱਤਾ ਜਿਸ ‘ਚ ਲਿਖਿਆ ਸੀ ਕਿ ਮੈਂ ਆਪਣੇ ਸਹੁਰੇ ਤੇ ਪਤੀ ਤੋਂ ਬਹੁਤ ਪ੍ਰੇਸ਼ਾਨ ਹਾਂ। ਇਸ ਲਈ ਮੈਂ ਆਤਮਹੱਤਿਆ ਕਰਨ ਲੱਗੀ ਹਾਂ ਤੇ ਇਸ ਤੋਂ ਬਾਅਦ ਉਸ ਨੇ ਦਰਾਣੀ ਦੀ ਲਾਸ਼ ਨੂੰ ਸਾੜ ਦਿੱਤੀ ਤੇ ਕਾਫੀ ਦੇਰ ਤੱਕ ਜਦੋਂ ਹਰਵਿੰਦਰ ਕੌਰ ਵਾਪਸ ਨਹੀਂ ਪਰਤੀ ਤਾਂ ਮ੍ਰਿਤਕਾ ਦੇ ਪਤੀ ਰਾਜਵਿੰਦਰ ਕੌਰ ਦੇ ਘਰ ਪੁੱਜੇ ਤਾਂ ਦੇਖਿਆ ਕਿ ਹਰਵਿੰਦਰ ਕੌਰ ਨੂੰ ਸਾੜਿਆ ਗਿਆ ਹੈ।
ਮ੍ਰਿਤਕਾ ਦੇ ਪਤੀ ਨੇ ਉਸੇ ਸਮੇਂ ਪੁਲਿਸ ਨੂੰ ਸਾਰੀ ਘਟਨਾ ਦੀ ਸੂਚਨਾ ਦਿੱਤੀ। ਪੁਲਿਸ ਨੇ ਮੌਕੇ ‘ਤੇ ਪੁੱਜ ਕੇ ਜਾਂਚ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਰਾਜਵਿੰਦਰ ਕੌਰ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਹਰਵਿੰਦਰ ਕੌਰ ਦਾ ਕਤਲ ਕੀਤਾ ਹੈ ਤੇ ਉਸ ਦੀ ਲਾਸ਼ ਪਛਾਣ ‘ਚ ਨਾ ਆ ਸਕੇ ਇਸ ਲਈ ਉਸ ਨੇ ਉਸ ਨੂੰ ਸਾੜ ਦਿੱਤਾ। ਇਸੇ ਅਧੀਨ ਕਾਰਵਾਈ ਕਰਦਿਆਂ ਪੁਲਿਸ ਨੇ ਰਾਜਵਿੰਦਰ ਕੌਰ ਤੇ ਉਸ ਦੇ ਪ੍ਰੇਮੀ ਨੂੰ ਗ੍ਰਿਫਤਾਰ ਕਰ ਲਿਆ ਹੈ।