Mizoram woman arrested : ਜਲੰਧਰ : ਸ਼ਹਿਰ ਵਿੱਚ ਸਖ਼ਤ ਨਾਕੇ ਲਗਾ ਕੇ ਨਸ਼ਾ ਸਮਗਲਰਾਂ ਵਿਰੁੱਧ ਕਾਰਵਾਈ ਨੂੰ ਜਾਰੀ ਰੱਖਦਿਆਂ ਕਮਿਸ਼ਨਰੇਟ ਪੁਲਿਸ ਵਲੋਂ ਅੱਜ ਗੜ੍ਹਾ ਰੋਡ ਨੇੜੇ ਪਿਮਸ ਹਸਪਤਾਲ ਜਲੰਧਰ ਵਿਖੇ ਮਿਜ਼ੋਰਮ ਨਾਲ ਸਬੰਧਿਤ ਮਹਿਲਾ ਨੂੰ ਗ੍ਰਿਫ਼ਤਾਰ ਕਰਕੇ ਉਸ ਪਾਸੋਂ ਇੱਕ ਕਿਲੋ ਹੈਰੋਇਨ ਬਰਾਮਦ ਕੀਤੀ ਗਈ। ਦੋਸ਼ੀ ਦੀ ਪਹਿਚਾਣ ਲਾਲਰੀਮਾਵੀ (19) ਮੂਲ ਵਾਸੀ ਐਜਵਲ ਅਤੇ ਹਾਲ ਵਾਸੀ ਦਿੱਲੀ ਵਜੋਂ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਏ.ਐਸ.ਆਈ. ਕਮਲਜੀਤ ਸਿੰਘ ਦੀ ਅਗਵਾਈ ਵਾਲੀ ਟੀਮ ਨੂੰ ਇਤਲਾਹ ਮਿਲੀ ਸੀ ਕਿ ਮਿਜ਼ੋਰਮ ਦੀ ਔਰਤ ਪਿਮਸ ਹਸਪਤਾਲ ਨੇੜੇ ਨਸ਼ੇ ਦੀ ਖੇਪ ਸਪਲਾਈ ਕਰਨ ਜਾ ਰਹੀ ਹੈ , ਜਿਸ ‘ਤੇ ਐਸ.ਐਚ.ਓ. ਪੁਲਿਸ ਸਟੇਸ਼ਨ-7 ਰਮਨਦੀਪ ਸਿੰਘ ਵਲੋਂ ਮਹਿਲਾ ਪੁਲਿਸ ਕਰਮੀਆਂ ਨਾਲ ਚੈਕਿੰਗ ਕੀਤੀ ਗਈ। ਉਨ੍ਹਾਂ ਦੱਸਿਆ ਕਿ ਮੌਕੇ ‘ਤੇ ਟੀਮ ਵਲੋਂ ਇੱਕ ਮਹਿਲਾ ਨੂੰ ਮੋਢੇ ‘ਤੇ ਪਰਸ ਪਾਇਆ ਦੇਖਿਆ ਜਿਸ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਮੁਲਾਜ਼ਮਾਂ ਵਲੋਂ ਉਸ ਨੂੰ ਫੜ ਲਿਆ ਗਿਆ।
ਉਨ੍ਹਾਂ ਦੱਸਿਆ ਕਿ ਔਰਤ ਨੂੰ ਕਾਬੂ ਕਰਨ ਉਪਰੰਤ ਮਹਿਲਾ ਸਿਪਾਹੀ ਵਲੋਂ ਉਸ ਪਾਸੋਂ 1 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਅਤੇ ਇਸ ਉਪਰੰਤ ਉਸ ਨੂੰ ਤੁਰੰਤ ਹਿਰਾਸਤ ਵਿੱਚ ਲੈ ਲਿਆ ਗਿਆ। ਉਨ੍ਹਾਂ ਦੱਸਿਆ ਕਿ ਦੋਸ਼ੀ ਲਾਲਰੀਮਾਵੀ ਦਿੱਲੀ ਵਿਖੇ ਪਿਤਾ ਦੀ ਮਿਜੋਰਮ ਵਿੱਚ ਮੌਤ ਤੋਂ ਬਾਅਦ ਅਪਣੇ ਚਚੇਰੇ ਭਰਾ ਨਾਲ ਰਹਿ ਰਹੀ ਸੀ। ਸ਼੍ਰੀ ਭੁੱਲਰ ਨੇ ਦੱਸਿਆ ਕਿ ਦਿੱਲੀ ਵਿਖੇ ਉਹ ਪੇਸਟਰੀ ਪੇਲੈਸ ਵਿਕਾਸਪੁਰੀ ਵਿਖੇ ਸਮਾਗਮ ਦੌਰਾਨ ਇੱਕ ਅਫਰੀਕਨ ਨਾਗਰਿਕ ਨਾਲ ਮਿਲੀ ਅਤੇ ਉਸ ਨਾਲ ਮਿਲ ਕੇ ਨਸ਼ਾ ਵੇਚਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਲਾਲਰੀਮਾਵੀ ਵੱਲੋਂ ਹਰ ਡਲਿਵਰੀ ‘ਤੇ 15000 ਰੁਪਏ ਲਏ ਜਾਂਦੇ ਸਨ ਅਤੇ ਉਸ ਵੱਲੋਂ ਇਸ ਤੋਂ ਪਹਿਲਾਂ ਵੀ ਸ਼ਹਿਰ ਵਿੱਚ ਨਸ਼ਿਆਂ ਦੀ ਖੇਪ ਦੀ ਡਲਿਵਰੀ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਐਨ.ਡੀ.ਪੀ.ਐਸ.ਦੀ ਧਾਰਾ 21 ਤਹਿਤ ਦੋਸ਼ੀ ਮਹਿਲਾ ਖਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਵਧੇਰੇ ਪੁੱਛਗਿੱਛ ਲਈ ਉਸ ਨੂੰ ਰਿਮਾਂਡ ‘ਤੇ ਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਲਾਲਰੀਮਾਵੀ ਵਲੋਂ ਕੀਤੀ ਗਈ ਪੁੱਛਗਿਛ ਦੇ ਅਧਾਰ ‘ਤੇ ਛਾਪੇਮਾਰੀ ਕਰਕੇ ਨਸ਼ਿਆਂ ਦੇ ਕਾਰੋਬਾਰ ਵਿੱਚ ਸ਼ਾਮਲ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ।