Married woman commits : ਪਟਿਆਲਾ : ਪਿੰਡ ਰਾਜਿੰਦਰ ਨਗਰ ਦੀ ਵਿਆਹੁਤਾ ਔਰਤ ਵੱਲੋਂ ਫਾਹਾ ਲੈ ਕੇ ਜੀਵਨ ਲੀਲਾ ਸਮਾਪਤ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਮੂਲੇਪੁਰ ਦੀ ਸਬ-ਇੰਸਪੈਕਟਰ ਇਤਿਕਾ ਮਿੱਤਲ ਅਤੇ ਸਹਾਇਕ ਥਾਣੇਦਾਰ ਗੁਲਜਾਰ ਸਿੰਘ ਨੇ ਦੱਸਿਆ ਕਿ ਛੋਟਾ ਸਿੰਘ ਵਾਸੀ ਮਹਿਮੂਦਪੁਰ ਜਿਲ੍ਹਾ ਪਟਿਆਲਾ ਨੇ ਪੁਲਿਸ ਕੋਲ ਸ਼ਿਕਾਇਤ ਕੀਤੀ ਹੈ ਕਿ ਉੁਸਦੀ ਲੜਕੀ ਪਿੰਕੀ ਕੌਰ ਦਾ ਵਿਆਹ 25 ਜਨਵਰੀ 2020 ਨੂੰ ਗੁਰਸੇਵਕ ਸਿੰਘ ਵਾਸੀ ਰਜਿੰਦਰ ਨਗਰ ਜਿਲ੍ਹਾ ਫਤਿਹਗੜ੍ਹ ਸਾਹਿਬ ਨਾਲ ਕੀਤਾ ਸੀ ਪਰ ਵਿਆਹ ਤੋਂ ਲਗਭਗ 2 ਮਹੀਨੇ ਬਾਅਦ ਹੀ ਪਿੰਕੀ ਕੌਰ ਨੂੰ ਦਹੇਜ ਘੱਟ ਲਿਆਉਣ ਤੇ ਉਸਦਾ ਸਹੁਰਾ ਪਰਿਵਾਰ ਤੰਗ ਪ੍ਰੇਸ਼ਾਨ ਕਰਨ ਲੱਗ ਪਿਆ।
ਪਿੰਕੀ ਕੌਰ ਨੂੰ ਪਤੀ ਗੁਰਸੇਵਕ ਸਿੰਘ, ਚਰਨਜੀਤ ਕੌਰ ਸੱਸ, ਕਰਨੈਲ ਸਿੰਘ ਸਹੁਰਾ ਅਤੇ ਗੁਰਜੀਤ ਸਿੰਘ ਸੋਨੀ ਦਿਉਰ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਸਾਡਾ ਮੁੰਡਾ ਸਰਕਾਰੀ ਨੌਕਰੀ ਕਰਦਾ ਹੈ, ਸਾਡੀ ਹੈਸੀਅਤ ਮੁਤਾਬਿਕ ਦਹੇਜ ਨਹੀਂ ਲਿਆਂਦਾ। ਇਸ ਬਾਰੇ ਪਿੰਕੀ ਦੇ ਸਹੁਰੇ ਪਰਿਵਾਰ ਨੂੰ ਕਈ ਵਾਰ ਸਮਝਾਇਆ ਪਰ ਉਹ ਪਿੰਕੀ ਕੌਰ ਨੂੰ ਤੰਗ ਕਰਨੋ ਨਾ ਹਟੇ, ਜਿਸ ਤੋਂ ਦੁਖੀ ਹੋ ਕੇ ਪਿੰਕੀ ਨੇ ਘਰ ਵਿਚ ਹੀ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਇਸ ਸਬੰਧੀ ਥਾਣਾ ਮੂਲੇਪੁਰ ਵਿਖੇ ਮ੍ਰਿਤਕ ਪਿੰਕੀ ਕੌਰ ਦੇ ਪਿਤਾ ਛੋਟਾ ਸਿੰਘ ਦੇ ਬਿਆਨਾਂ ਤੇ ਗੁਰਸੇਵਕ ਸਿੰਘ ਪਤੀ, ਚਰਨਜੀਤ ਕੌਰ ਸੱਸ, ਕਰਨੈਲ ਸਿੰਘ ਸਹੁਰਾ, ਗੁਰਜੀਤ ਸਿੰਘ ਸੋਨੀ ਦਿਉਰ ਖਿਲਾਫ ਆਈ. ਪੀ. ਸੀ. ਦੀ ਧਾਰਾ 304 ਅਤੇ 34 ਦੇ ਤਿਹਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪਿੰਕੀ ਕੌਰ ਦੀ ਲਾਸ਼ ਦਾ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਤੋਂ ਪੋਸਟਮਾਰਟਮ ਕਰਵਾਕੇ ਵਾਰਸਾਂ ਹਵਾਲੇ ਕਰ ਦਿੱਤੀ ਹੈ।