Thieves fearless daytime : ਮੋਹਾਲੀ ‘ਚ ਚੋਰੀ ਦੀਆਂ ਵਾਰਦਾਤਾਂ ਦਿਨੋ-ਦਿਨ ਵਧਦੀਆਂ ਜਾ ਰਹੀਆਂ ਹਨ। ਇੰਝ ਜਾਪਦਾ ਹੈ ਕਿ ਚੋਰਾਂ ਦੇ ਮਨਾਂ ‘ਚ ਕਾਨੂੰਨ ਨਾਂ ਦਾ ਕੋਈ ਡਰ ਨਹੀਂ ਰਹਿ ਗਿਆ ਹੈ। ਇਸੇ ਲਈ ਦਿਨ-ਦਿਹਾੜੇ ਚੋਰਾਂ ਵੱਲੋਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਅਜਿਹੀ ਹੀ ਇੱਕ ਘਟਨਾ ਮੋਹਾਲੀ ‘ਚ ਇਲੈਕਟ੍ਰੋਨਿਕ ਵਾਇਰ ਦੀ ਦੁਕਾਨ ‘ਤੇ ਵਾਪਰੀ ਜਿਥੇ ਦਿਨ-ਦਿਹਾੜੇ ਚੋਰਾਂ ਨੇ ਡਾਕਾ ਮਾਰ ਦਿੱਤਾ।
ਮਿਲੀ ਜਾਣਕਾਰੀ ਮੁਤਾਬਕ ਇੱਕ ਬਾਈਕ ਸਵਾਰ ਦਿਨ-ਦਿਹਾੜੇ ਇਲੈਕਟ੍ਰੋਨਿਕ ਦੀ ਦੁਕਾਨ ‘ਤੇ ਆਇਆ ਤੇ 3 ਮਿੰਟਾਂ ‘ਚ ਉਥੋਂ 3 ਲੱਖ 10 ਹਜ਼ਾਰ ਦੀ ਨਕਦੀ ਲੁੱਟ ਕੇ ਫਰਾਰ ਹੋ ਗਿਆ। ਚੋਰੀ ਵੱਲੋਂ ਕੀਤੀ ਗਈ ਇਸ ਲੁੱਟ ਦੀ ਸਾਰੀ ਵਾਰਦਾਤ ਸੀ. ਸੀ. ਟੀ. ਵੀ. ਕੈਮਰੇ ‘ਚ ਕੈਦ ਹੋ ਗਈ ਹੈ ਕਿ ਕਿਸ ਤਰ੍ਹਾਂ ਉਸ ਨੇ ਅੱਖਾਂ ਝਪਕਦੇ ਹੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਜਦੋਂ ਦੁਕਾਨਦਾਰ ਤੋਂ ਇਸ ਸਾਰੀ ਘਟਨਾ ਬਾਰੇ ਪੁੱਛਗਿਛ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਹ ਕਿਸੇ ਤੋਂ ਮਾਲ ਦੀ ਪੇਮੈਂਟ ਲੈ ਕੇ ਆਇਆ ਸੀ ਅਤੇ ਉਸ ਨੇ ਇਹ ਕਿਸੇ ਵਪਾਰੀ ਨੂੰ ਦੇਣੀ ਸੀ। ਉਸ ਨੇ ਘਰ ਤੋਂ ਨਕਦੀ ਲਿਆ ਕੇ ਦੁਕਾਨ ‘ਤੇ ਰੱਖੀ ਸੀ ਪਰ ਚੋਰ ਉਸ ਨੂੰ ਚਕਮਾ ਦੇ ਕੇ ਸਾਰੀ ਨਕਦੀ ਲੈ ਕੇ ਫਰਾਰ ਹੋ ਗਿਆ। ਪੁਲਿਸ ਵੱਲੋਂ ਫੁਟੇਜ ਦੇ ਆਧਾਰ ‘ਤੇ ਚੋਰ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਜਲਦ ਹੀ ਉਸ ਨੂੰ ਫੜ ਲਿਆ ਜਾਵੇਗਾ ਤੇ ਉਸ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।