Food and Supplies : ਚੰਡੀਗੜ੍ਹ : ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਸ੍ਰੀ ਭਾਰਤ ਭੂਸ਼ਨ ਆਸ਼ੂ ਨੇ ਪੰਜਾਬ ਰਾਜ ‘ਚ ਕਣਕ ਦੀ ਫ਼ਸਲ ਦੀ ਖਰੀਦ ਕਰ ਰਹੀਆਂ ਖਰੀਦ ਏਜੰਸੀਆਂ ਕੋਲ ਬਾਰਦਾਨੇ ਦੀ ਥੁੜ ਸਬੰਧੀ ਖ਼ਬਰਾਂ ਨੂੰ ਮੁੱਢੋਂ ਨਕਾਰ ਦਿੱਤਾ ਤੇ ਕਿਹਾ ਕਿ ਸਾਰੀਆਂ ਖਰੀਦ ਏਜੰਸੀਆਂ ਕੋਲ ਬਾਰਦਾਨਾਂ ਭਰਪੂਰ ਮਾਤਰਾ ਵਿਚ ਉਪਲਬਧ ਹੈ । ਉਨ੍ਹਾਂ ਕਿਹਾ ਕਿ ਬਾਰਦਾਨੇ ਦੀ ਖਰੀਦ ਸਬੰਧੀ ਟੈਂਡਰਿੰਗ ਦੀ ਕਾਰਵਾਈ ਲਗਾਤਾਰ ਚੱਲਣ ਵਾਲੀ ਪ੍ਰੀਕ੍ਰਿਆ ਹੈ ਜੋ ਕਿ ਸੀਜ਼ਨ ਤੋਂ ਕਾਫੀ ਪਹਿਲਾਂ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਇਕ ਟੈਂਡਰ ਰਾਹੀਂ ਲੋੜ ਪੈਣ ‘ਤੇ ਪੂਰੀ ਮਾਤਰਾ ਵਿਚ ਬਾਰਦਾਨਾ ਮੁਹੱਈਆ ਕਰਵਾਉਣ ਦਾ ਭਰੋਸਾ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਪੁਰਾਣਾ ਬਾਰਦਾਨਾ ਵਰਤਣ ਸਬੰਧੀ ਕੇਂਦਰ ਸਰਕਾਰ ਵਲੋ ਪ੍ਰਵਾਨਗੀ ਬਹੁਤ ਦੇਰੀ ਨਾਲ ਦਿੱਤੀ ਗਈ ਜਿਸ ਕਾਰਨ 12 ਅਪ੍ਰੈਲ ਨੂੰ ਟੈਂਡਰ ਜਾਰੀ ਕਰਨ ਦੀ ਲੋੜ ਪਈ ਸੀ ।
ਆਸ਼ੂ ਨੇ ਕਿਹਾ ਕਿ ਭਾਰਤ ਦੇ ਜੂਟ ਕਮਿਸ਼ਨ ਅਤੇ ਨੇਫ਼ਡ ਵਲੋਂ ਬਾਰਦਾਨੇ ਦੀਆਂ ਗੱਠਾਂ ਦੀ ਸਪਲਾਈ ਦਿੱਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਵਿਭਾਗ ਨੂੰ ਪੀ. ਪੀ. ਬੈਗਾਂ ਦੀ ਗੱਠਾ ਦੀ ਸਪਲਾਈ ਵੀ ਕੲਈ ਐਚ.ਡੀ.ਪੀ.ਈ. /ਪੀ.ਪੀ. ਬੈਗ ਸਪਲਾਈ ਕਰਨ ਵਾਲਿਆਂ ਤੋਂ ਲਗਾਤਾਰ ਪ੍ਰਾਪਤ ਹੋ ਰਹੀ ਹੈ। ਇਸ ਤੋਂ ਇਲਾਵਾ ਕੇਂਦਰ ਸਰਕਾਰ ਨੇ 12 ਅਪ੍ਰੈਲ 2021 ਨੂੰ ਪੰਜਾਬ ਸਰਕਾਰ ਨੂੰ ਵਧੀਆ ਗੁਣਵੱਤਾ ਵਾਲਾ ਪੁਰਾਣਾ ਬਾਰਦਾਨਾ ਨੂੰ ਵੀ ਵਰਤਣ ਦੀ ਪ੍ਰਵਾਨਗੀ ਦੇ ਦਿੱਤੀ ਹੈ । ਉਨ੍ਹਾਂ ਕਿਹਾ ਕਿ ਕਣਕ ਖਰੀਦ ਦੀ ਪ੍ਰਕ੍ਰਿਆ ਪੂਰੀ ਰਫ਼ਤਾਰ ਨਾਲ ਚੱਲ ਰਹੀ ਹੈ ਅਤੇ 13 ਅਪ੍ਰੈਲ 2021 ਤੱਕ ਰਾਜ ਦੀਆਂ ਮੰਡੀਆਂ ਵਿੱਚ 5,44,334 ਮੀਟ੍ਰਿਕ ਟਨ ਕਣਕ ਦੀ ਫ਼ਸਲ ਦੀ ਖਰੀਦ ਕੀਤੀ ਗਈ ਹੈ ਜਿਸ ਵਿਚੋਂ 44,728 ਮੀਟ੍ਰਿਕ ਟਨ ਕਣਕ ਦੀ ਖਰੀਦ ਡੀ.ਸੀ.ਪੀ. ਅਧੀਨ ਕੀਤੀ ਗਈ ਹੈ ਜ਼ੋ ਕਿ ਸਮਾਰਟ ਰਾਸ਼ਨ ਕਾਰਡ ਧਾਰਕਾਂ ਨੂੰ ਵੰਡੀ ਜਾਣੀ ਹੈ।
ਸ੍ਰੀ ਆਸ਼ੂ ਨੇ ਕਿਹਾ ਕਿ ਮੰਡੀਆਂ ਵਿੱਚ ਭੀੜ ਹੋਣ ਤੋਂ ਰੋਕਣ ਲਈ ਢੁਕਵੇਂ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਮੰਡੀ ਬੋਰਡ ਵੱਲੋਂ ਜਾਰੀ ਪਾਸ ਅਨੁਸਾਰ ਕਿਸਾਨਾਂ ਆਪਣੀ ਫ਼ਸਲ ਨੂੰ ਮੰਡੀ ਲੈ ਕੇ ਆਉਣ ਅਤੇ ਕੋਵਿਡ 19 ਸਬੰਧੀ ਨਿਯਮਾਂ ਦੀ ਪਾਲਣਾ ਹੋ ਸਕੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਦੀ ਪੰਜਾਬ ਰਾਜ ਦੇ ਕਿਸਾਨਾਂ ਨੂੰ ਪ੍ਰੇਸ਼ਾਨੀ ਰਹਿਤ ਖਰੀਦ ਮਾਹੋਲ ਦੇਣ ਦੇ ਵਾਅਦੇ, ਜਿਵੇਂ ਕਿ ਬੀਤੇ ਚਾਰ ਸਾਲ ਵਿੱਚ ਦਿੱਤਾ ਗਿਆ ਹੈ, ਨੂੰ ਮੁੜ ਦੁਹਰਾਉਂਦਿਆਂ ਖੁਰਾਕ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਕਣਕ ਦੀ ਖਰੀਦ ਲਈ 21,658.73 ਕਰੋੜ ਦੀ ਕੈਸ਼ ਕਰੈਡਿਟ ਲਿਮਟ ਪ੍ਰਾਪਤ ਹੋ ਚੁੱਕੀ ਹੈ ਅਤੇ ਖਰੀਦ ਸਬੰਧੀ ਅਦਾਇਗੀ ਵੀ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਮੰਡੀਆਂ ਵਿਚੋਂ ਖ਼ਰੀਦੀ ਗਈ ਕਣਕ ਦੀ ਚੁਕਾਈ ਵੀ ਅਰਾਮ ਨਾਲ ਚੱਲ ਰਹੀ ਹੈ ਅਤੇ 13 ਅਪ੍ਰੈਲ 2021 ਤੱਕ 39285 ਮੀਟ੍ਰਿਕ ਟਨ ਕਣਕ ਦੀ ਚੁਕਾਈ ਕੀਤੀ ਜਾ ਚੁੱਕੀ ਹੈ ਜਦਕਿ ਇਸ ਦਿਨ ਤੱਕ ਚੁਕਾਈ ਦਾ ਟੀਚਾ (ਖਰੀਦ ਤੋਂ 72 ਘੰਟਿਆਂ ਵਿੱਚ) 2642 ਮੀਟ੍ਰਿਕ ਟਨ ਕਣਕ ਦੀ ਚੁਕਾਈ ਦਾ ਸੀ।