ਭਾਰਤੀ ਫੌਜ ਦੇ ਸਿਪਾਹੀ ਨੀਰਜ ਚੋਪੜਾ ਦੀ ਮਹਾਨ ਪ੍ਰਾਪਤੀ ਦੇ ਸਨਮਾਨ ਵਿੱਚ ਜਿਸਨੇ ਰਾਸ਼ਟਰ ਦਾ ਪਹਿਲਾ ਓਲੰਪਿਕ ਗੋਲਡ ਮੈਡਲ ਜਿੱਤ ਕੇ ਪੂਰੇ ਦੇਸ਼ ਦਾ ਮਾਣ ਵਧਾਇਆ ਹੈ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਸ ਲਈ ਵੱਡਾ ਐਲਾਨ ਕੀਤਾ ਹੈ।
ਪੰਜਾਬ ਦੇ ਮੁੱਖ ਮੰਤਰੀ ਨੇ ਨੀਰਜ ਚੋਪੜਾ ਲਈ ਵਿਸ਼ੇਸ਼ ਦੋ ਕਰੋੜ ਦੇ ਨਕਦ ਇਨਾਮ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਹ ਭਾਰਤ ਅਤੇ ਸਾਰੇ ਪੰਜਾਬੀਆਂ ਲਈ ਮਾਣ ਵਾਲੀ ਗੱਲ ਹੈ। ਨੀਰਜ ਚੋਪੜਾ ਜੋ ਭਾਰਤੀ ਫੌਜ ਦਾ ਸਿਪਾਹੀ ਹੈ, ਦੇ ਪਰਿਵਾਰ ਦਾ ਪਿਛੋਕੜ ਪੰਜਾਬ ਨਾਲ ਜੁੜਿਆ ਹੋਇਆ ਹੈ।
ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਸੋਨ ਤਮਗਾ ਜਿੱਤ ਕੇ ਇਤਿਹਾਸ ਰਚਣ ਲਈ ਨੀਰਜ ਚੋਪੜਾ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਤਿਹਾਸ ਸਿਰਜਿਆ ਹੈ ਅਤੇ ਦੇਸ਼ ਦਾ ਮਾਣ ਵਧਾਇਆ ਹੈ। ਕੈਪਟਨ ਨੇ ਕਿਹਾ ਕਿ 87.58 ਮੀਟਰ ਜਿੱਤਣ ਵਾਲੀ ਥ੍ਰੈਕ ਟ੍ਰੈਕ ਐਂਡ ਫੀਲਡ ਇੱਕ ਮਹਾਨ ਗਾਥਾ ਵਜੋਂ ਜਾਣੀ ਜਾਵੇਗੀ। ਭਾਰਤ ਤੁਹਾਡਾ ਰਿਣੀ ਹੈ।
ਜ਼ਿਕਰਯੋਗ ਹੈ ਕਿ ਨੀਰਜ ਚੋਪੜਾ ਨੇ ਭਾਰਤ ਵਿੱਚ ਬਹੁਤਾ ਸਮਾਂ ਆਪਣੀ ਪ੍ਰੈਕਟਿਸ ਐਨ.ਆਈ.ਐਸ. ਪਟਿਆਲਾ ਵਿਖੇ ਕੀਤੀ ਹੈ। ਇਸ ਤੋਂ ਪਹਿਲਾਂ ਉਸ ਨੇ 2018 ਵਿੱਚ ਜਕਾਰਤਾ ਏਸ਼ਿਆਈ ਖੇਡਾਂ ਅਤੇ ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ ਵਿੱਚ ਸੋਨੇ ਦਾ ਤਮਗਾ ਜਿੱਤਿਆ। ਜੈਵਲਿਨ ਥਰੋਅ ਵਿੱਚ ਉਹ 88.07 ਮੀਟਰ ਦੀ ਥਰੋਅ ਨਾਲ ਭਾਰਤ ਦਾ ਮੌਜੂਦਾ ਰਿਕਾਰਡ ਹੋਲਡਰ ਹੈ।
ਨੀਰਜ ਨੇ ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ਵਿੱਚ ਵੀ ਸੋਨੇ ਦਾ ਤਮਗਾ ਜਿੱਤਿਆ ਸੀ ਅਤੇ ਅੰਡਰ 20 ਵਰਗ ਵਿੱਚ 86.48 ਮੀਟਰ ਦੀ ਥਰੋਅ ਨਾਲ ਵਿਸ਼ਵ ਰਿਕਾਰਡ ਬਣਾਇਆ ਸੀ।
ਇਹ ਵੀ ਪੜ੍ਹੋ : ਨੀਰਜ ਚੋਪੜਾ ਦੀ ਇਤਿਹਾਸਕ ਜਿੱਤ ‘ਤੇ ਪੰਜਾਬ ਦੇ CM ਨੇ ਕੀਤਾ ਟਵੀਟ, ਕਿਹਾ- ਭਾਰਤ ਤੁਹਾਡਾ ਰਿਣੀ ਹੈ
ਓਲੰਪਿਕ ਖੇਡਾਂ ਦੇ ਇਤਿਹਾਸ ਵਿੱਚ ਵਿਅਕਤੀਗਤ ਖੇਡਾਂ ਵਿੱਚ ਇਹ ਭਾਰਤ ਦਾ ਦੂਜਾ ਸੋਨ ਤਮਗਾ ਹੈ। ਪਹਿਲਾ ਸੋਨ ਤਮਗਾ ਪੰਜਾਬ ਦੇ ਅਭਿਨਵ ਬਿੰਦਰਾ ਨੇ 2008 ਵਿੱਚ ਬੀਜਿੰਗ ਵਿਖੇ ਜਿੱਤਿਆ ਸੀ।
ਨੀਰਜ ਚੋਪੜਾ ਨੇ ਆਪਣੀ ਪੜ੍ਹਾਈ ਡੀ.ਏ.ਵੀ.ਕਾਲਜ ਚੰਡੀਗੜ੍ਹ ਤੋਂ ਕੀਤੀ ਹੈ ਅਤੇ 2016 ਵਿੱਚ ਉਸ ਨੇ ਭਾਰਤੀ ਸੈਨਾ ਵਿੱਚ 4 ਰਾਜਸਥਾਨ ਰਾਈਫਲਜ਼ ਜੁਆਇਨ ਕੀਤੀ ਸੀ।